ਭਾਰਤ ਦੇ 15 ਰਾਜਾਂ ਵਿੱਚ ਮੌਸਮ ਨੇ ਲਈ ਕਰਵਟ, IMD ਦਾ ਅਲਰਟ

ਭਾਰਤੀ ਮੌਸਮ ਵਿਭਾਗ (IMD) ਦੇ ਅਨੁਸਾਰ, ਪੱਛਮੀ ਗੜਬੜੀ ਅਤੇ ਚੱਕਰਵਾਤੀ ਹਵਾਵਾਂ ਦੇ ਸਰਗਰਮ ਹੋਣ ਕਾਰਨ ਦੇਸ਼ ਦੇ ਲਗਭਗ 15 ਰਾਜਾਂ ਵਿੱਚ ਮੌਸਮ ਦਾ ਮਿਜ਼ਾਜ ਬਦਲ ਗਿਆ ਹੈ। ਅਗਲੇ ਦੋ ਦਿਨਾਂ ਲਈ ਕਈ ਇਲਾਕਿਆਂ ਵਿੱਚ ਭਾਰੀ ਮੀਂਹ, ਤੇਜ਼ ਹਵਾਵਾਂ ਅਤੇ ਗੜ੍ਹੇਮਾਰੀ ਦਾ ਅਲਰਟ ਜਾਰੀ ਕੀਤਾ ਗਿਆ ਹੈ। ਖ਼ਾਸ ਕਰਕੇ ਪਠਾਨਕੋਟ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਅਗਲੇ 24 ਘੰਟਿਆਂ ਦੌਰਾਨ ਹਲਕੀ ਬਾਰਿਸ਼ ਹੋ ਸਕਦੀ ਹੈ। ਮੌਸਮ ਵਿਭਾਗ ਨੇ ਲੋਕਾਂ ਨੂੰ ਬਿਜਲੀ ਡਿੱਗਣ ਦੇ ਖ਼ਤਰੇ ਤੋਂ ਬਚਣ ਲਈ ਖੁੱਲ੍ਹੇ ਮੈਦਾਨਾਂ ਦੀ ਬਜਾਏ ਸੁਰੱਖਿਅਤ ਥਾਵਾਂ ‘ਤੇ ਰਹਿਣ ਦੀ ਸਲਾਹ ਦਿੱਤੀ ਹੈ।

ਰਾਜਾਂ ਅਨੁਸਾਰ ਮੌਸਮ ਦਾ ਹਾਲ

ਉੱਤਰ ਪ੍ਰਦੇਸ਼, ਬਿਹਾਰ ਅਤੇ ਮੱਧ ਪ੍ਰਦੇਸ਼ ਸਮੇਤ ਉੱਤਰ-ਪੂਰਬੀ ਰਾਜਾਂ ਵਿੱਚ ਮੀਂਹ ਅਤੇ ਤੂਫਾਨ ਦੀ ਸੰਭਾਵਨਾ ਹੈ। ਹਾਲਾਂਕਿ, ਕੁਝ ਹਿੱਸਿਆਂ ਜਿਵੇਂ ਕਿ ਪੂਰਬੀ ਰਾਜਸਥਾਨ, ਪੱਛਮੀ ਮੱਧ ਪ੍ਰਦੇਸ਼ ਅਤੇ ਵਿਦਰਭ ਵਿੱਚ ਸਖ਼ਤ ਗਰਮੀ (ਹੀਟ ਵੇਵ) ਦਾ ਕਹਿਰ ਵੀ ਜਾਰੀ ਰਹੇਗਾ। ਪੂਰਬੀ ਉੱਤਰ ਪ੍ਰਦੇਸ਼ ਦੇ ਜ਼ਿਲ੍ਹਿਆਂ ਜਿਵੇਂ ਕਿ ਵਾਰਾਣਸੀ, ਗੋਰਖਪੁਰ ਅਤੇ ਪ੍ਰਯਾਗਰਾਜ ਵਿੱਚ 20 ਅਤੇ 21 ਅਪ੍ਰੈਲ ਨੂੰ ਭਾਰੀ ਗਰਮੀ ਰਹਿਣ ਦੀ ਉਮੀਦ ਹੈ, ਜਿੱਥੇ ਤਾਪਮਾਨ ਆਮ ਨਾਲੋਂ ਕਾਫੀ ਉੱਪਰ ਜਾ ਸਕਦਾ ਹੈ।

ਬਿਹਾਰ ਦੇ ਲੋਕਾਂ ਨੂੰ 23 ਅਪ੍ਰੈਲ ਨੂੰ ਤੇਜ਼ ਹਵਾਵਾਂ ਅਤੇ ਗਰਜ ਦੇ ਨਾਲ ਮੀਂਹ ਦੇਖਣ ਨੂੰ ਮਿਲ ਸਕਦਾ ਹੈ। ਪਰ ਇਸ ਤੋਂ ਪਹਿਲਾਂ ਤੇਜ਼ ਧੁੱਪ ਅਤੇ ਗਰਮ ਹਵਾਵਾਂ ਕਾਰਨ ‘ਹੀਟਸਟ੍ਰੋਕ’ ਦਾ ਖ਼ਤਰਾ ਬਣਿਆ ਹੋਇਆ ਹੈ, ਖ਼ਾਸ ਕਰਕੇ ਸੀਮਾਂਚਲ ਖੇਤਰ ਵਿੱਚ।

ਪਹਾੜੀ ਰਾਜ ਹਿਮਾਚਲ ਵਿੱਚ 25 ਅਪ੍ਰੈਲ ਤੱਕ ਮੌਸਮ ਰਲਿਆ-ਮਿਲਿਆ ਰਹੇਗਾ। 23 ਅਪ੍ਰੈਲ ਤੋਂ ਨਵੀਂ ਪੱਛਮੀ ਗੜਬੜੀ ਕਾਰਨ ਉੱਚੇ ਪਹਾੜੀ ਇਲਾਕਿਆਂ ਵਿੱਚ 24 ਅਤੇ 25 ਅਪ੍ਰੈਲ ਨੂੰ ਬਾਰਿਸ਼ ਹੋਣ ਦੀ ਸੰਭਾਵਨਾ ਹੈ।