ਵੱਡੀ ਖ਼ਬਰ: ਕੁੱਲੂ-ਮਨਾਲੀ ਹਾਈਵੇਅ ‘ਤੇ ਬੱਸ ਟਰੱਕ ਵਿਚਾਲੇ ਭਿਆਨਕ ਸੜਕ ਹਾਦਸਾ

ਕੀਰਤਪੁਰ ਸਾਹਿਬ: ਚੰਡੀਗੜ੍ਹ-ਕੁੱਲੂ-ਮਨਾਲੀ ਮੁੱਖ ਮਾਰਗ ‘ਤੇ ਪੈਂਦੇ ਪਿੰਡ ਦੇਹਣੀ ਵਿਖੇ ਅੱਜ ਉਸ ਸਮੇਂ ਚੀਕ-ਚਿਹਾੜਾ ਮੱਚ ਗਿਆ, ਜਦੋਂ ਇੱਕ ਬੇਕਾਬੂ ਹੋਈ ਬੱਸ ਨੇ ਸੜਕ ਕਿਨਾਰੇ ਖੜ੍ਹੇ ਟਰੱਕ ਅਤੇ ਇੱਕ ਰਾਹਗੀਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਦਰਦਨਾਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦੋ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ

ਹਾਦਸਾ ਕਿਵੇਂ ਵਾਪਰਿਆ?
ਪ੍ਰਾਪਤ ਜਾਣਕਾਰੀ ਅਨੁਸਾਰ, ਇੱਕ ਬੱਸ ਮੋੜਾ ਟੋਲ ਪਲਾਜ਼ਾ ਦੇ ਨੇੜੇ ਖ਼ਰਾਬ ਖੜ੍ਹੀ ਸੀ। ਬੱਸ ਚਾਲਕ ਵੱਲੋਂ ਉਸ ਨੂੰ ਮਾਮੂਲੀ ਠੀਕ ਕਰਵਾਉਣ ਤੋਂ ਬਾਅਦ ਕੀਰਤਪੁਰ ਸਾਹਿਬ ਵੱਲ ਲਿਜਾਇਆ ਜਾ ਰਿਹਾ ਸੀ। ਜਿਵੇਂ ਹੀ ਬੱਸ ਪਿੰਡ ਦੇਹਣੀ ਨੇੜੇ ਉਤਰਾਈ ‘ਤੇ ਪਹੁੰਚੀ, ਤਾਂ ਅਚਾਨਕ ਬੇਕਾਬੂ ਹੋ ਗਈ।

ਬੱਸ ਦੀ ਰਫ਼ਤਾਰ ਇੰਨੀ ਤੇਜ਼ ਸੀ ਕਿ ਉਹ ਸੜਕ ਕਿਨਾਰੇ ਖੜ੍ਹੇ ਇੱਕ ਟਰੱਕ ਨਾਲ ਜਾ ਟਕਰਾਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਟਰੱਕ ਕਰੀਬ 100 ਫੁੱਟ ਦੂਰ ਜਾ ਕੇ ਬੁਰੀ ਤਰ੍ਹਾਂ ਪਲਟ ਗਿਆ। ਇਸੇ ਦੌਰਾਨ ਪੈਦਲ ਜਾ ਰਿਹਾ ਇੱਕ ਵਿਅਕਤੀ ਵੀ ਬੱਸ ਦੀ ਲਪੇਟ ਵਿੱਚ ਆ ਗਿਆ, ਜਿਸ ਦੀ ਮੌਕੇ ‘ਤੇ ਹੀ ਮੌਤ ਹੋ ਗਈ

ਪੁਲਿਸ ਅਤੇ ਪ੍ਰਸ਼ਾਸਨ ਦੀ ਕਾਰਵਾਈ
ਹਾਦਸੇ ਤੋਂ ਤੁਰੰਤ ਬਾਅਦ ਕੀਰਤਪੁਰ ਸਾਹਿਬ ਪੁਲਿਸ ਮੌਕੇ ‘ਤੇ ਪਹੁੰਚੀ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਭੇਜ ਦਿੱਤਾ ਹੈ। ਜ਼ਖਮੀਆਂ ਨੂੰ ਇਲਾਜ ਲਈ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਟੋਲ ਕੰਪਨੀ ਦੇ ਮੁਲਾਜ਼ਮਾਂ ਨੇ ਖੋਲ੍ਹੇ ਪ੍ਰਬੰਧਾਂ ਦੇ ਚਿੱਠੇ
ਹਾਦਸੇ ਵਾਲੀ ਥਾਂ ‘ਤੇ ਪਹੁੰਚੇ ਨੈਸ਼ਨਲ ਹਾਈਵੇਅ ਦੇ ਟੋਲ ਪਲਾਜ਼ਾ (ਮੋੜਾ) ਨਾਲ ਸਬੰਧਤ ਸਿਗਲ ਕੰਪਨੀ ਦੇ ਮੁਲਾਜ਼ਮਾਂ ਨੇ ਆਪਣੀ ਹੀ ਕੰਪਨੀ ਵਿਰੁੱਧ ਗੁੱਸਾ ਜ਼ਾਹਿਰ ਕੀਤਾ। ਮੁਲਾਜ਼ਮਾਂ ਨੇ ਹੈਰਾਨੀਜਨਕ ਖੁਲਾਸੇ ਕਰਦਿਆਂ ਦੱਸਿਆ ਕਿ:

ਕੰਪਨੀ ਵੱਲੋਂ ਉਨ੍ਹਾਂ ਨੂੰ ਕੋਈ ਵੀ ਸੇਫਟੀ ਜੈਕਟ ਜਾਂ ਬੂਟ ਮੁਹੱਈਆ ਨਹੀਂ ਕਰਵਾਏ ਗਏ। ਉਹ ਆਪਣੀ ਜਾਨ ਜ਼ੋਖਮ ਵਿੱਚ ਪਾ ਕੇ ਆਮ ਕੱਪੜਿਆਂ ਵਿੱਚ ਹੀ ਹਾਈਵੇਅ ‘ਤੇ ਕੰਮ ਕਰਨ ਲਈ ਮਜਬੂਰ ਹਨ। ਸਿਗਲ ਕੰਪਨੀ ਦੀ 1033 ਐਂਬੂਲੈਂਸ ਦੇ ਡਰਾਈਵਰ ਅਤੇ ਪੈਰਾ-ਮੈਡੀਕਲ ਸਟਾਫ ਨੇ ਵੀ ਦੋਸ਼ ਲਾਇਆ ਕਿ ਕੰਪਨੀ ਵੱਲੋਂ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਬੁਨਿਆਦੀ ਸਹੂਲਤ ਨਹੀਂ ਦਿੱਤੀ ਜਾ ਰਹੀ।

ਇਸ ਹਾਦਸੇ ਨੇ ਜਿੱਥੇ ਹਾਈਵੇਅ ‘ਤੇ ਚੱਲਣ ਵਾਲੇ ਵਾਹਨਾਂ ਦੀ ਸੁਰੱਖਿਆ ‘ਤੇ ਸਵਾਲ ਖੜ੍ਹੇ ਕੀਤੇ ਹਨ, ਉੱਥੇ ਹੀ ਟੋਲ ਕੰਪਨੀਆਂ ਵੱਲੋਂ ਆਪਣੇ ਮੁਲਾਜ਼ਮਾਂ ਦੀ ਸੁਰੱਖਿਆ ਨੂੰ ਲੈ ਕੇ ਵਰਤੀ ਜਾ ਰਹੀ ਲਾਪਰਵਾਹੀ ਨੂੰ ਵੀ ਬੇਨਕਾਬ ਕਰ ਦਿੱਤਾ ਹੈ