ਅਮਿਤ ਸ਼ਾਹ ਦਾ ਭਲਕੇ ਪੰਜਾਬ ਦੌਰਾ, ਲੁਧਿਆਣਾ ’ਚ ਮਨਾਉਣਗੇ ਦੁਸਹਿਰਾ

ਗੁਰਦਾਸਪੁਰ, ਸੰਗਰੂਰ ਤੇ ਮਾਨਸਾ ’ਚ ਪਰਿਵਾਰਾਂ ਨਾਲ ਮੁਲਾਕਾਤਾਂ ਤੋਂ ਬਾਅਦ ਲੁਧਿਆਣਾ ਦੇ ਰਾਮਲੀਲਾ ਮੈਦਾਨ ’ਚ ਹੋਣਗੇ ਸ਼ਾਮਲ

ਚੰਡੀਗੜ੍ਹ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 20 ਅਕਤੂਬਰ ਨੂੰ ਪੰਜਾਬ ਦੇ ਦੌਰੇ ’ਤੇ ਆ ਰਹੇ ਹਨ। ਇਸ ਦੌਰਾਨ ਉਹ ਗੁਰਦਾਸਪੁਰ, ਸੰਗਰੂਰ, ਮਾਨਸਾ ਅਤੇ ਲੁਧਿਆਣਾ ਦਾ ਦੌਰਾ ਕਰਨਗੇ। ਨਿਰਧਾਰਤ ਪ੍ਰੋਗਰਾਮ ਮੁਤਾਬਕ ਉਹ ਪਹਿਲੇ ਤਿੰਨ ਜ਼ਿਲ੍ਹਿਆਂ ਵਿੱਚ ਵੱਖ-ਵੱਖ ਪਰਿਵਾਰਾਂ ਨਾਲ ਮੁਲਾਕਾਤ ਕਰਨਗੇ, ਜਦਕਿ ਦੌਰੇ ਦੇ ਆਖ਼ਰੀ ਪੜਾਅ ਵਿੱਚ ਲੁਧਿਆਣਾ ਵਿਖੇ ਦਸਹਿਰਾ ਸਮਾਰੋਹ ਵਿੱਚ ਸ਼ਿਰਕਤ ਕਰਨਗੇ। ਉਨ੍ਹਾਂ ਦੇ ਇਸ ਦੌਰੇ ਨੂੰ ਲੈ ਕੇ ਸਬੰਧਤ ਇਲਾਕਿਆਂ ਵਿੱਚ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

ਗੁਰਦਾਸਪੁਰ ਦੇ ਪਿੰਡ ਮਾੜੀ ਪੰਨੂਆਂ ਤੋਂ ਦੌਰੇ ਦੀ ਸ਼ੁਰੂਆਤ

ਜਾਰੀ ਕੀਤੇ ਗਏ ਸੋਧੇ ਹੋਏ ਪ੍ਰੋਗਰਾਮ ਅਨੁਸਾਰ ਅਮਿਤ ਸ਼ਾਹ ਸਵੇਰੇ ਦਿੱਲੀ ਤੋਂ ਰਵਾਨਾ ਹੋਣਗੇ ਅਤੇ ਦੁਪਹਿਰ ਕਰੀਬ 12 ਵਜੇ ਅੰਮ੍ਰਿਤਸਰ ਹਵਾਈ ਅੱਡੇ ’ਤੇ ਪਹੁੰਚਣਗੇ। ਇਸ ਤੋਂ ਬਾਅਦ ਹੈਲੀਕਾਪਟਰ ਰਾਹੀਂ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਨੇੜਲੇ ਪਿੰਡ ਮਾੜੀ ਪੰਨੂਆਂ ਜਾਣਗੇ।

ਇੱਥੇ ਦੁਪਹਿਰ 12:45 ਤੋਂ 1 ਵਜੇ ਤੱਕ ਬਿਕਰਮਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਦਾ ਪ੍ਰੋਗਰਾਮ ਰੱਖਿਆ ਗਿਆ ਹੈ।

ਸੰਗਰੂਰ ਦੇ ਤੂਰਬੰਜਾਰਾ ਪਿੰਡ ਵੀ ਜਾਣਗੇ ਅਮਿਤ ਸ਼ਾਹ

ਗੁਰਦਾਸਪੁਰ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਸੰਗਰੂਰ ਜ਼ਿਲ੍ਹੇ ਦੇ ਦਿੜ੍ਹਬਾ ਪਹੁੰਚਣਗੇ। ਇੱਥੋਂ ਉਹ ਤੂਰਬੰਜਾਰਾ ਪਿੰਡ ਜਾਣਗੇ, ਜਿੱਥੇ ਦੁਪਹਿਰ 2:30 ਤੋਂ 2:45 ਵਜੇ ਤੱਕ ਗੁਲਜ਼ਾਰ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕਰਨ ਦਾ ਸਮਾਂ ਤੈਅ ਕੀਤਾ ਗਿਆ ਹੈ।

ਇਸ ਤੋਂ ਬਾਅਦ ਉਨ੍ਹਾਂ ਦਾ ਅਗਲਾ ਪੜਾਅ ਮਾਨਸਾ ਹੋਵੇਗਾ, ਜਿੱਥੇ ਉਹ ਇੱਕ ਹੋਰ ਪਰਿਵਾਰ ਨਾਲ ਮੁਲਾਕਾਤ ਕਰਨਗੇ।

ਮਾਨਸਾ ’ਚ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਮੁਲਾਕਾਤ

ਅਮਿਤ ਸ਼ਾਹ ਦੇ ਦੌਰੇ ਦਾ ਅਹਿਮ ਪੜਾਅ ਮਾਨਸਾ ਵਿੱਚ ਹੋਵੇਗਾ। ਪ੍ਰੋਗਰਾਮ ਅਨੁਸਾਰ ਉਹ ਦੁਪਹਿਰ 3:35 ਵਜੇ ਵਾਟਰ ਵਰਕਸ ਰੋਡ ਸਥਿਤ ਵਾਰਡ ਨੰਬਰ 21 ਵਿੱਚ ਪਹੁੰਚਣਗੇ। ਇੱਥੇ 3:35 ਤੋਂ 3:50 ਵਜੇ ਤੱਕ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਲਈ ਸਮਾਂ ਰੱਖਿਆ ਗਿਆ ਹੈ।

ਮੁਲਾਕਾਤ ਤੋਂ ਬਾਅਦ ਉਹ ਮਾਨਸਾ ਦੀ ਨਵੀਂ ਅਨਾਜ ਮੰਡੀ ਵੱਲ ਰਵਾਨਾ ਹੋਣਗੇ।

ਲੁਧਿਆਣਾ ਦੇ ਰਾਮਲੀਲਾ ਮੈਦਾਨ ’ਚ ਮਨਾਉਣਗੇ ਦਸਹਿਰਾ

ਪੰਜਾਬ ਦੌਰੇ ਦੇ ਆਖ਼ਰੀ ਪੜਾਅ ਵਿੱਚ ਅਮਿਤ ਸ਼ਾਹ ਲੁਧਿਆਣਾ ਪਹੁੰਚਣਗੇ। ਨਿਰਧਾਰਤ ਸਮਾਂ-ਸਾਰਣੀ ਮੁਤਾਬਕ ਉਹ ਸ਼ਾਮ 4:35 ਵਜੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਪਹੁੰਚਣਗੇ। ਇਸ ਤੋਂ ਬਾਅਦ ਸ਼ਾਮ 5:05 ਵਜੇ ਦਰੇਸੀ ਰੋਡ ਸਥਿਤ ਰਾਮਲੀਲਾ ਮੈਦਾਨ ਵਿੱਚ ਹੋਣ ਵਾਲੇ ਦਸਹਿਰਾ ਸਮਾਰੋਹ ਵਿੱਚ ਸ਼ਾਮਲ ਹੋਣਗੇ।

ਉਨ੍ਹਾਂ ਦਾ ਇੱਥੇ ਸ਼ਾਮ 5:35 ਵਜੇ ਤੱਕ ਰੁਕਣ ਦਾ ਪ੍ਰੋਗਰਾਮ ਹੈ। ਸਮਾਰੋਹ ਤੋਂ ਬਾਅਦ ਉਹ ਸੜਕ ਰਾਹੀਂ ਹਲਵਾਰਾ ਹਵਾਈ ਅੱਡੇ ਜਾਣਗੇ ਅਤੇ ਸ਼ਾਮ ਕਰੀਬ 6:10 ਵਜੇ ਜਹਾਜ਼ ਰਾਹੀਂ ਦਿੱਲੀ ਲਈ ਰਵਾਨਾ ਹੋਣਗੇ