ਸ਼ਹੀਦ ਭਗਤ ਸਿੰਘ ਨਗਰ : ਹਾਕੀ ਮੈਨਜ਼ ਏਸ਼ੀਅਨ ਚੈਂਪੀਅਨਸ਼ਿਪ ਟਰਾਫੀ-2026 ਦੇ ਟਰਾਫੀ ਟੂਰ ਦਾ ਅੱਜ ਜ਼ਿਲ੍ਹੇ ਅੰਦਰ ਪੁੱਜਣ ਤੇ ਆਈ.ਟੀ. ਆਈ ਨਵਾਂਸ਼ਹਿਰ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਚੇਅਰਮੈਨ ਨਗਰ ਸੁਧਾਰ ਟਰੱਸਟ ਸਤਨਾਮ ਸਿੰਘ ਜਲਵਾਹਾ ਅਤੇ ਸਟੇਟ ਜਾਇੰਟ ਸਕੱਤਰ ਸਤਨਾਮ ਜਲਾਲਪੁਰ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਜ਼ਿਲਾ ਖੇਡ ਅਫਸਰ ਵੰਦਨਾ ਚੌਹਾਨ, ਅਰਮਾਨਦੀਪ ਸਿੰਘ ਤਹਿਸੀਲਦਾਰ ਬਲਾਚੌਰ ਅਤੇ ਖੇਡ ਪ੍ਰੇਮੀ ਹਾਜ਼ਰ ਸਨ।
ਖੇਡ ਪ੍ਰੇਮੀਆਂ ਨੂੰ ਸੰਬੋਧਨ ਕਰਦਿਆਂ ਸਤਨਾਮ ਜਲਾਲਪੁਰ ਨੇ ਕਿਹਾ ਕਿ 27 ਅਕਤੂਬਰ ਤੋਂ 5 ਨਵੰਬਰ 2026 ਤੱਕ ਜਲੰਧਰ ਅਤੇ ਸਾਹਿਬਜਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿਖੇ ਹੋਣ ਵਾਲੇ ਹੀਰੋ ਪੁਰਸ਼ ਏਸ਼ੀਅਨ ਹਾਕੀ ਚੈਂਪੀਅਨਸ਼ਿਪ ਟਰਾਫੀ-2026 ਦੀ ਮੇਜਬਾਨੀ ਕਰਨਾ ਪੰਜਾਬ ਦੇ ਲਈ ਮਾਣ ਦੀ ਗੱਲ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਪਹਿਲੀ ਵਾਰ ਆਪਣੀ ਧਰਤੀ ਤੇ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਦੀ ਮੇਜ਼ਬਾਨੀ ਕਰ ਰਿਹਾ ਹੈ ਇਸ ਨਾਲ ਰਾਜ ਦੀ ਸਮਰਿਧ ਹਾਕੀ ਵਿਰਾਸਤ ਅਤੇ ਖੇਡ ਸੰਸਕ੍ਰਿਤੀ ਨੂੰ ਵਧਾਵਾ ਮਿਲੇਗਾ।
ਇਸ ਮੌਕੇ ਜਿਲ੍ਹਾ ਖੇਡ ਅਫਸਰ ਵੰਦਨਾ ਚੌਹਾਨ ਨੇ ਕਿਹਾ ਕਿ ਟ੍ਰਾਫੀ ਟੂਰ ਦਾ ਮੁੱਖ ਉਦੇਸ਼ ਨੌਜਵਾਨਾਂ ਅੰਦਰ ਹਾਕੀ ਪ੍ਰਤੀ ਰੁਚੀ ਅਤੇ ਉਤਸਾਹ ਨੂੰ ਪੈਦਾ ਕਰਨਾ ਹੈ ਤਾਂ ਜੋ ਨੌਜਵਾਨ ਖੇਡ ਨਾਲ ਜੁੜ ਕੇ ਹਾਕੀ ਦੀ ਵਿਰਾਸਤ ਨੂੰ ਹੋਰ ਮਜਬੂਤ ਕਰ ਸਕਣ। ਉਹਨਾਂ ਨੇ ਕਿਹਾ ਕਿ ਚੈਂਪੀਅਨਸ਼ਿਪ ਦੇ ਮੈਚਾਂ ਲਈ ਪ੍ਰਵੇਸ਼ ਮੁਫਤ ਰੱਖਿਆ ਹੈ ਤਾਂ ਜੋ ਖੇਡ ਪ੍ਰੇਮੀ ਮੈਚਾਂ ਦਾ ਆਨੰਦ ਲੈ ਸਕਣ। ਉਹਨਾਂ ਨੇ ਕਿਹਾ ਕਿ ਅੱਜ ਟਰਾਫੀ ਟੂਰ ਮੌਕੇ ਔਡ਼ ਦੀਆਂ ਟੀਮਾਂ ਦਰਮਿਆਨ ਫਰੈਂਡਲੀ ਹਾਕੀ ਮੈਚ ਕਰਵਾਇਆ ਗਿਆ ਜਿਸ ਵਿੱਚ ਜੇਤੂ ਰਹੀ ਟੀਮ ਨੂੰ ਸਨਮਾਨਿਤ ਕੀਤਾ ਗਿਆ

