ਪੱਕੀ ਟਿੱਬੀ ਨੇੜੇ ਸੜਕ ਹਾਦਸੇ ’ਚ ਸੀਨੀਅਰ ਕਾਂਸਟੇਬਲ ਦੀ ਮੌਤ, ਪਿੱਕਅੱਪ ਚਾਲਕ ਫ਼ਰਾਰ

ਮਲੋਟ, ਮਲੋਟ-ਅਬੋਹਰ ਕੌਮੀ ਮਾਰਗ ’ਤੇ ਪਿੰਡ ਪੱਕੀ ਟਿੱਬੀ ਨੇੜੇ ਸਥਿਤ ਅੰਤਰ-ਜ਼ਿਲ੍ਹਾ ਨਾਕੇ ’ਤੇ ਡਿਊਟੀ ਦੌਰਾਨ ਤੇਜ਼ ਰਫ਼ਤਾਰ ਪਿੱਕਅੱਪ ਗੱਡੀ ਦੀ ਲਪੇਟ ’ਚ ਆਉਣ ਕਾਰਨ ਪੰਜਾਬ ਪੁਲੀਸ ਦੇ ਸੀਨੀਅਰ ਕਾਂਸਟੇਬਲ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 36 ਸਾਲਾ ਚੰਦਨ ਪਾਂਡੇ ਵਜੋਂ ਹੋਈ ਹੈ, ਜੋ ਥਾਣਾ ਕਬਰਵਾਲਾ ਵਿਖੇ ਤਾਇਨਾਤ ਸੀ। ਹਾਦਸੇ ਤੋਂ ਬਾਅਦ ਪਿੱਕਅੱਪ ਚਾਲਕ ਗੱਡੀ ਛੱਡ ਕੇ ਫ਼ਰਾਰ ਹੋ ਗਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 10 ਵਜੇ ਸੀਨੀਅਰ ਕਾਂਸਟੇਬਲ ਚੰਦਨ ਪਾਂਡੇ ਆਪਣੇ ਸਾਥੀ ਮੁਲਾਜ਼ਮਾਂ ਨਾਲ ਨਾਕੇ ’ਤੇ ਵਾਹਨਾਂ ਦੀ ਜਾਂਚ ਕਰ ਰਹੇ ਸਨ। ਇਸੇ ਦੌਰਾਨ ਮਲੋਟ ਵੱਲੋਂ ਆ ਰਹੀ ਇੱਕ ਤੇਜ਼ ਰਫ਼ਤਾਰ ਪਿੱਕਅੱਪ ਗੱਡੀ ਬੈਰੀਕੇਡ ਪਾਰ ਕਰਦੀ ਹੋਈ ਉਨ੍ਹਾਂ ਨਾਲ ਜਾ ਟਕਰਾਈ। ਟੱਕਰ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਏ, ਜਦਕਿ ਚਾਲਕ ਕੁਝ ਦੂਰੀ ’ਤੇ ਗੱਡੀ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ।

ਜ਼ਖ਼ਮੀ ਕਾਂਸਟੇਬਲ ਨੂੰ ਤੁਰੰਤ ਸਿਵਲ ਹਸਪਤਾਲ ਮਲੋਟ ਪਹੁੰਚਾਇਆ ਗਿਆ। ਮੁੱਢਲੀ ਸਹਾਇਤਾ ਤੋਂ ਬਾਅਦ ਉਨ੍ਹਾਂ ਨੂੰ ਆਦੇਸ਼ ਹਸਪਤਾਲ, ਭੁੱਚੋ ਵਿਖੇ ਰੈਫ਼ਰ ਕਰ ਦਿੱਤਾ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।

ਚੰਦਨ ਪਾਂਡੇ ਆਪਣੇ ਪਿੱਛੇ ਮਾਤਾ, ਪਤਨੀ, ਦੋ ਬੱਚੇ ਅਤੇ ਭਰਾ ਛੱਡ ਗਏ ਹਨ। ਉਨ੍ਹਾਂ ਦੀ ਮੌਤ ਦੀ ਖ਼ਬਰ ਨਾਲ ਪੁਲੀਸ ਵਿਭਾਗ ਵਿੱਚ ਸੋਗ ਦੀ ਲਹਿਰ ਦੌੜ ਗਈ।

ਲੰਬੀ ਦੇ ਡੀਐੱਸਪੀ ਹਰਬੰਸ ਸਿੰਘ ਨੇ ਦੱਸਿਆ ਕਿ ਹਾਦਸੇ ਵਿੱਚ ਸ਼ਾਮਲ ਪਿੱਕਅੱਪ ਗੱਡੀ ਬਰਾਮਦ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਬਿਆਨਾਂ ਦੇ ਆਧਾਰ ’ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਫ਼ਰਾਰ ਚਾਲਕ ਦੀ ਭਾਲ ਜਾਰੀ ਹੈ।