ਡੇਰਾਬੱਸੀ: ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ ’ਤੇ ਡੇਰਾਬੱਸੀ ਫਲਾਈਓਵਰ ਨੇੜੇ ਐਤਵਾਰ ਦੇਰ ਰਾਤ ਅਣਪਛਾਤੇ ਨੌਜਵਾਨਾਂ ਦੇ ਇੱਕ ਗਰੁੱਪ ਨੇ ਉੱਤਰ ਪ੍ਰਦੇਸ਼ ਦੇ ਬਰੇਲੀ ਜਾ ਰਹੀ ਨਿੱਜੀ ਸਲੀਪਰ ਬੱਸ ’ਤੇ ਹਮਲਾ ਕਰ ਦਿੱਤਾ। ਲੋਹੇ ਦੀਆਂ ਰਾਡਾਂ, ਡੰਡਿਆਂ ਅਤੇ ਤਲਵਾਰਾਂ ਨਾਲ ਲੈਸ 8 ਤੋਂ 10 ਹਮਲਾਵਰਾਂ ਨੇ ਬੱਸ ਦੇ ਅਗਲੇ ਸ਼ੀਸ਼ੇ, ਖਿੜਕੀਆਂ ਅਤੇ ਲਾਈਟਾਂ ਦੀ ਭੰਨਤੋੜ ਕੀਤੀ। ਇਸ ਦੌਰਾਨ ਬੱਸ ਦੇ ਚਾਲਕ, ਕੰਡਕਟਰ ਅਤੇ ਹੋਰ ਸਟਾਫ਼ ਦੀ ਵੀ ਕੁੱਟਮਾਰ ਕੀਤੀ ਗਈ।
ਅਚਾਨਕ ਹੋਏ ਇਸ ਹਮਲੇ ਕਾਰਨ ਬੱਸ ਵਿੱਚ ਸਵਾਰ ਯਾਤਰੀਆਂ ਵਿੱਚ ਦਹਿਸ਼ਤ ਫੈਲ ਗਈ। ਜਾਨ ਬਚਾਉਣ ਲਈ ਕਈ ਯਾਤਰੀ ਬੱਸ ਵਿੱਚੋਂ ਬਾਹਰ ਛਾਲਾਂ ਮਾਰਨ ਲੱਗੇ। ਟੁੱਟੀਆਂ ਖਿੜਕੀਆਂ ਦੇ ਕੱਚ ਲੱਗਣ ਕਾਰਨ ਔਰਤਾਂ ਅਤੇ ਬੱਚਿਆਂ ਸਮੇਤ ਕਈ ਮੁਸਾਫ਼ਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ।
ਪੁਲੀਸ ਅਨੁਸਾਰ, ਚੰਡੀਗੜ੍ਹ ਤੋਂ ਬਰੇਲੀ ਜਾ ਰਹੀ ਹਰਸ਼ ਬੱਸ ਸਰਵਿਸ ਦੀ ਸਲੀਪਰ ਕੋਚ ਨੂੰ ਨਿਸ਼ਾਨਾ ਬਣਾਇਆ ਗਿਆ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਹਮਲੇ ਪਿੱਛੇ ਨਿੱਜੀ ਟਰਾਂਸਪੋਰਟਰਾਂ ਵਿਚਾਲੇ ਸਵਾਰੀਆਂ ਬਿਠਾਉਣ ਅਤੇ ਕਿਰਾਏ ਨੂੰ ਲੈ ਕੇ ਚੱਲ ਰਿਹਾ ਵਿਵਾਦ ਹੋ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਧਿਰਾਂ ਵਿਚਾਲੇ ਪਿਛਲੇ ਕੁਝ ਸਮੇਂ ਤੋਂ ਤਣਾਅ ਬਣਿਆ ਹੋਇਆ ਸੀ। ਹਾਲਾਂਕਿ, ਪੁਲੀਸ ਵੱਲੋਂ ਹਮਲੇ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਘਟਨਾ ਦੀ ਸੂਚਨਾ ਮਿਲਣ ’ਤੇ ਡੇਰਾਬੱਸੀ ਪੁਲੀਸ ਤੁਰੰਤ ਮੌਕੇ ’ਤੇ ਪਹੁੰਚੀ ਅਤੇ ਸਥਿਤੀ ਦਾ ਜਾਇਜ਼ਾ ਲਿਆ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰਦਿਆਂ ਹਮਲਾਵਰਾਂ ਦੀ ਪਛਾਣ ਲਈ ਘਟਨਾ ਸਥਾਨ ਅਤੇ ਆਲੇ-ਦੁਆਲੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ।
ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
