ਕੇਂਦਰ ਸਰਕਾਰ ਵੱਲੋਂ ਐਮਰਜੈਂਸੀ ਹਾਲਾਤ ਨਾਲ ਨਜਿੱਠਣ ਲਈ ਸੂਬੇ ਦੀ ਤਿਆਰੀ ਅਤੇ ਪ੍ਰਤੀਕਿਰਿਆ ਪ੍ਰਣਾਲੀ ਨੂੰ ਪਰਖਣ ਵਾਸਤੇ 27 ਨਵੰਬਰ 2026 ਨੂੰ ਸੂਬੇ ਭਰ ਵਿੱਚ ਸਿਵਲ ਡਿਫੈਂਸ ਏਅਰ ਰੇਡ ਅਤੇ ਬਲੈਕਆਊਟ ਮੌਕ ਡ੍ਰਿਲ ਕਰਵਾਈ ਜਾਵੇਗੀ। ਇਹ ਅਭਿਆਸ ਰਾਤ 8 ਵਜੇ ਤੋਂ ਸ਼ੁਰੂ ਹੋਵੇਗਾ ਅਤੇ ਸਾਰੇ ਜ਼ਿਲ੍ਹਿਆਂ ਵਿੱਚ ਨਿਰਧਾਰਤ ਇਲਾਕਿਆਂ ਨੂੰ ਇਸ ਵਿੱਚ ਸ਼ਾਮਲ ਕੀਤਾ ਜਾਵੇਗਾ।
ਦੋ ਮਿੰਟ ਦਾ ਵੱਜੇਗਾ ਏਅਰ ਰੇਡ ਸਾਇਰਨ
ਸਰਕਾਰੀ ਬੁਲਾਰੇ ਮੁਤਾਬਕ ਮੌਕ ਡ੍ਰਿਲ ਦੀ ਸ਼ੁਰੂਆਤ ਦੋ ਮਿੰਟ ਦੇ ਏਅਰ ਰੇਡ ਵਾਰਨਿੰਗ ਸਾਇਰਨ ਨਾਲ ਹੋਵੇਗੀ। ਇਸ ਸਾਇਰਨ ਵਿੱਚ ਹਾਈ-ਲੋ ਪਿੱਚ ਦੀ ਆਵਾਜ਼ ਹੋਵੇਗੀ। ਇਸ ਤੋਂ ਬਾਅਦ ਸਬੰਧਤ ਡਿਪਟੀ ਕਮਿਸ਼ਨਰ-ਕਮ-ਕੰਟਰੋਲਰ, ਸਿਵਲ ਡਿਫੈਂਸ ਵੱਲੋਂ ਨਿਰਧਾਰਤ ਖੇਤਰਾਂ ਵਿੱਚ ਬਲੈਕਆਊਟ ਲਾਗੂ ਕੀਤਾ ਜਾਵੇਗਾ।
ਲੋਕਾਂ ਨੂੰ ਗੈਰ-ਜ਼ਰੂਰੀ ਲਾਈਟਾਂ ਬੰਦ ਕਰਨ ਦੀ ਅਪੀਲ
ਬਲੈਕਆਊਟ ਦੌਰਾਨ ਨਿਰਧਾਰਤ ਇਲਾਕਿਆਂ ਦੇ ਵਸਨੀਕਾਂ ਨੂੰ ਸਾਰੀਆਂ ਗੈਰ-ਜ਼ਰੂਰੀ ਲਾਈਟਾਂ ਬੰਦ ਰੱਖਣ ਲਈ ਕਿਹਾ ਜਾਵੇਗਾ। ਹਾਲਾਂਕਿ ਜ਼ਰੂਰੀ ਸੇਵਾਵਾਂ ਆਪਣਾ ਕੰਮ ਜਾਰੀ ਰੱਖਣਗੀਆਂ ਤਾਂ ਜੋ ਆਮ ਲੋਕਾਂ ਨੂੰ ਲੋੜੀਂਦੀਆਂ ਸਹੂਲਤਾਂ ਵਿੱਚ ਰੁਕਾਵਟ ਨਾ ਆਵੇ।
‘ਆਲ ਕਲੀਅਰ’ ਦਾ ਦਿੱਤਾ ਜਾਵੇਗਾ ਸੰਕੇਤ
ਮੌਕ ਡ੍ਰਿਲ ਦੇ ਅੰਤ ਵਿੱਚ ਦੋ ਮਿੰਟ ਦਾ ਲਗਾਤਾਰ ਸਾਇਰਨ ਵਜਾਇਆ ਜਾਵੇਗਾ, ਜਿਸ ਰਾਹੀਂ ‘ਆਲ ਕਲੀਅਰ’ ਦਾ ਸੰਕੇਤ ਦਿੱਤਾ ਜਾਵੇਗਾ। ਇਸ ਤੋਂ ਬਾਅਦ ਬਲੈਕਆਊਟ ਅਭਿਆਸ ਨੂੰ ਸਮਾਪਤ ਮੰਨਿਆ ਜਾਵੇਗਾ।
ਫਾਇਰ ਰਿਸਪਾਂਸ ਤੋਂ ਲੈ ਕੇ ਰੈਸਕਿਊ ਤੱਕ ਹੋਵੇਗੀ ਜਾਂਚ
ਇਸ ਅਭਿਆਸ ਦੌਰਾਨ ਪ੍ਰਸ਼ਾਸਨ ਅਤੇ ਸਬੰਧਤ ਵਿਭਾਗਾਂ ਵੱਲੋਂ ਕਈ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਦੀ ਤਿਆਰੀ ਨੂੰ ਪਰਖਿਆ ਜਾਵੇਗਾ। ਇਸ ਵਿੱਚ:
- ਅੱਗ ਲੱਗਣ ਦੀ ਸਥਿਤੀ ਵਿੱਚ ਫਾਇਰ ਰਿਸਪਾਂਸ
- ਸਰਚ ਅਤੇ ਰੈਸਕਿਊ ਆਪਰੇਸ਼ਨ
- ਫਸਟ ਏਡ ਅਤੇ ਐਮਰਜੈਂਸੀ ਮੈਡੀਕਲ ਸਹਾਇਤਾ
- ਜ਼ਖਮੀਆਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ ਦੀ ਪ੍ਰਕਿਰਿਆ
- ਟ੍ਰੈਫਿਕ ਕੰਟਰੋਲ
- ਭੀੜ ਨੂੰ ਕੰਟਰੋਲ ਕਰਨ ਦੇ ਪ੍ਰਬੰਧ
ਸਰਕਾਰ ਨੇ ਲੋਕਾਂ ਨੂੰ ਨਾ ਘਬਰਾਉਣ ਦੀ ਕੀਤੀ ਅਪੀਲ
ਸਰਕਾਰੀ ਬੁਲਾਰੇ ਨੇ ਕਿਹਾ ਕਿ ਇਸ ਮੌਕ ਡ੍ਰਿਲ ਦਾ ਮੁੱਖ ਮਕਸਦ ਸੂਬੇ ਵਿੱਚ ਮੌਜੂਦਾ ਸਿਵਲ ਡਿਫੈਂਸ ਪ੍ਰਬੰਧਾਂ ਅਤੇ ਐਮਰਜੈਂਸੀ ਰਿਸਪਾਂਸ ਸਿਸਟਮ ਦੀ ਕਾਰਗੁਜ਼ਾਰੀ ਨੂੰ ਪਰਖਣਾ ਹੈ। ਇਸ ਰਾਹੀਂ ਉਨ੍ਹਾਂ ਖੇਤਰਾਂ ਦੀ ਪਛਾਣ ਕੀਤੀ ਜਾਵੇਗੀ ਜਿੱਥੇ ਹੋਰ ਮਜ਼ਬੂਤੀ ਦੀ ਲੋੜ ਹੈ
ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਇਹ ਸਿਰਫ਼ ਇੱਕ ਰੁਟੀਨ ਤਿਆਰੀ ਅਭਿਆਸ ਹੈ ਅਤੇ ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਨਿਰਧਾਰਤ ਇਲਾਕਿਆਂ ਦੇ ਵਸਨੀਕਾਂ ਨੂੰ ਸ਼ਾਂਤ ਰਹਿਣ, ਅਧਿਕਾਰੀਆਂ ਨਾਲ ਸਹਿਯੋਗ ਕਰਨ ਅਤੇ ਮੌਕ ਡ੍ਰਿਲ ਦੌਰਾਨ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ
