ਬਾੜਮੇਰ ਜ਼ਿਲ੍ਹੇ ਦੇ ਸ਼ਿਵ ਥਾਣਾ ਖੇਤਰ ਦੇ ਪਿੰਡ ਰਾਮਦੇਵਪੁਰਾ ਵਿੱਚ ਕਰੰਟ ਲੱਗਣ ਨਾਲ ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਜਾਣ ਦੀ ਦੁੱਖਦਾਇਕ ਖਬਰ ਮਿਲੀ ਹੈ। ਇਨ੍ਹਾਂ ਵਿੱਚ ਮਹਿਲਾ, ਉਸਦਾ ਪਿਤਾ ਅਤੇ ਦੋ ਬੇਟੇ ਸ਼ਾਮਲ ਹਨ। ਜਾਣਕਾਰੀ ਅਨੁਸਾਰ, ਇਕ ਘਰ ‘ਚ ਲੱਗੀ ਆਟਾ ਚੱਕੀ ‘ਚ ਅਚਾਨਕ ਬਿਜਲੀ ਦਾ ਕਰੰਟ ਆ ਗਿਆ ਜਿਸਦੇ ਕਾਰਣ ਔਰਤ ਛੈਲ ਕੰਵਰ ਨੇ ਜਿਵੇਂ ਹੀ ਚੱਕੀ ਨੂੰ ਬੰਦ ਕਰਨ ਲਈ ਹੱਥ ਲਾਇਆ ਤਾਂ ਉਸਨੂੰ ਕਰੰਟ ਲੱਗ ਗਿਆ ਅਤੇ ਆਪਣੀ ਮਾਂ ਨੂੰ ਬਿਜਲੀ ਦੇ ਝਟਕੇ ਤੋਂ ਬਚਾਉਣ ਲਈ ਉਸਦੇ ਪੁੱਤਰਾਂ ਨੇ ਜਦ ਆਪਣੀ ਮਾਂ ਨੂੰ ਛੂਹਿਆ ਤਾਂ ਉਨ੍ਹਾਂ ਨੂੰ ਵੀ ਬਿਜਲੀ ਦਾ ਕਰੰਟ ਲੱਗ ਗਿਆ।
ਉਸ ਸਮੇਂ ਛੈਲ ਕੰਵਰ ਦੇ ਪਿਤਾ ਹਠੇ ਸਿੰਘ ਵੀ ਉਨ੍ਹਾਂ ਦੇ ਘਰ ਆਏ ਹੋਏ ਸਨ। ਧੀ ਅਤੇ ਦੋਹਤਿਆਂ ਨੂੰ ਬਿਜਲੀ ਦੇ ਕਰੰਟ ਨਾਲ ਪੀੜਤ ਦੇਖ ਕੇ ਉਹ ਵੀ ਉਨ੍ਹਾਂ ਨੂੰ ਬਚਾਉਣ ਭੱਜਿਆ ਤਾਂ ਉਹ ਵੀ ਕਰੰਟ ਦੀ ਲਪੇਟ ਵਿੱਚ ਆ ਗਿਆ। ਇਸ ਕਾਰਨ ਚਾਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦੋਂ ਛੈਲ ਕੰਵਰ ਦਾ ਪਤੀ ਅਰਜੁਨ ਸਿੰਘ ਘਰ ਆਇਆ ਤਾਂ ਉਹ ਦੇਖ ਕੇ ਦੰਗ ਰਹਿ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਉਨ੍ਹਾਂ ਨੇ ਉਥੋਂ ਲਾਸ਼ਾਂ ਨੂੰ ਚੁੱਕ ਕੇ ਸਥਾਨਕ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ। ਬਾਅਦ ‘ਚ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ। ਪੁਲਿਸ ਹਾਦਸੇ ਦੇ ਕਾਰਨਾਂ ਦੀ ਜਾਂਚ ਵਿੱਚ ਜੁਟੀ ਹੋਈ ਹੈ।
