ਫਿਰੋਜ਼ਪੁਰ: ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਅੱਜ ਹੜ੍ਹ ਪੀੜਤਾਂ ਨੂੰ ਮਿਲਣ ਫਿਰੋਜ਼ਪੁਰ ਪੁੱਜੇ, ਜਿੱਥੇ ਉਨ੍ਹਾਂ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਦੂਜੇ ਪਾਸੇ ਸੁਨੀਲ ਜਾਖੜ ਨੇ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਗੰਭੀਰ ਆਰੋਪ ਲਾਏ। ਉਨ੍ਹਾਂ ਟਵੀਟ ਕਰ ਕਿਹਾ ਕਿ ਮੁੱਖਮੰਤਰੀ ਭਗਵੰਤ ਮਾਨ ਦੇ ਫੋਟੋਸ਼ੂਟ ਲਈ ਟ੍ਰੈਫਿਕ ਜਾਮ ਹੋਣ ਕਾਰਨ ਜਲੰਧਰ ਦੇ ਸ਼ਾਹਕੋਟ ਦੇ ਲੋਹੀਆਂ ਵਿੱਚ ਇੱਕ ਗਰੀਬ ਮਜ਼ਦੂਰ ਦੀ ਜਾਨ ਚਲੀ ਗਈ। ਮਜ਼ਦੂਰ ਦੀ ਫੋਟੋ ਸ਼ੇਅਰ ਕਰਦੇ ਹੋਏ ਜਾਖੜ ਨੇ ਸੀਐਮ ਮਾਨ ਤੋਂ ਪੁੱਛਿਆ ਕਿ ਇਸ ਲਈ ਕੌਣ ਜ਼ਿੰਮੇਵਾਰ ਹੈ। ਇਸ ਦਾ ਵਿਰੋਧ ਕਰਦਿਆਂ ‘ਆਪ’ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਜਾਖੜ ‘ਤੇ ਸਿਆਸਤ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਪੰਜਾਬ ਦਾ ਫੰਡ ਕੇਂਦਰ ਸਰਕਾਰ ਕੋਲ ਫਸਿਆ ਹੋਇਆ ਹੈ ਪਰ ਉਹ ਇਸ ’ਤੇ ਕੁੱਝ ਨਹੀਂ ਬੋਲ ਰਹੇ।
ਦੱਸ ਦਈਏ ਕਿ ਸੀਐਮ ਮਾਨ ਵੀ ਦੁਪਹਿਰ ਬਾਅਦ ਫਿਰੋਜ਼ਪੁਰ ਪਹੁੰਚੇ, ਜਿੱਥੇ ਉਨ੍ਹਾਂ ਨੇ ਖੁਦ ਹੜ੍ਹ ਦੇ ਪਾਣੀ ‘ਚ ਉਤਰ ਕੇ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਕਿਸ਼ਤੀ ‘ਚ ਬੈਠ ਕੇ ਇਲਾਕੇ ਦਾ ਦੌਰਾ ਕੀਤਾ।
