ਖੇਮਕਰਨ (ਪੰਜਾਬ): ਭਾਰਤ-ਪਾਕਿਸਤਾਨ ਸਰਹੱਦ ਨੇੜਿਓਂ ਇੱਕ ਵੱਡੀ ਕਾਰਵਾਈ ਦੌਰਾਨ Border Security Force (ਬੀਐਸਐਫ) ਵੱਲੋਂ ਇੱਕ ਪਾਕਿਸਤਾਨੀ ਨੌਜਵਾਨ ਨੂੰ ਗ੍ਰਿਫਤਾਰ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਸੂਤਰਾਂ ਅਨੁਸਾਰ ਮੁਲਜ਼ਮ ਦੇ ਕਬਜ਼ੇ ਵਿਚੋਂ 10 ਪੈਕੇਟ ਹੈਰੋਇਨ ਬਰਾਮਦ ਕੀਤੇ ਗਏ ਹਨ। ਹਾਲਾਂਕਿ ਇਸ ਸਬੰਧੀ ਬੀਐਸਐਫ ਵੱਲੋਂ ਅਜੇ ਤੱਕ ਕੋਈ ਅਧਿਕਾਰਿਤ ਪੁਸ਼ਟੀ ਨਹੀਂ ਕੀਤੀ ਗਈ।

ਕਿਵੇਂ ਹੋਈ ਕਾਰਵਾਈ ?
ਮਿਲੀ ਜਾਣਕਾਰੀ ਅਨੁਸਾਰ ਖੇਮਕਰਨ ਸੈਕਟਰ ਅਧੀਨ ਆਉਂਦੀ ਚੌਂਕੀ ਹਰਭਜਨ ਵਿਖੇ ਤੜਕਸਾਰ ਬੀਐਸਐਫ ਦੀ 142 ਬਟਾਲੀਅਨ ਦੇ ਜਵਾਨਾਂ ਨੇ ਸਰਹੱਦ ਨੇੜੇ ਹਲਚਲ ਦੇਖੀ। ਜਦੋਂ ਭਾਰਤੀ ਖੇਤਰ ਵਿੱਚ ਦਾਖਲ ਹੋਏ ਸ਼ੱਕੀ ਵਿਅਕਤੀ ਨੂੰ ਲਲਕਾਰਿਆ ਗਿਆ ਤਾਂ ਜਵਾਨਾਂ ਨੇ ਮੁਸਤੈਦੀ ਨਾਲ ਉਸ ਨੂੰ ਕਾਬੂ ਕਰ ਲਿਆ।
ਗ੍ਰਿਫਤਾਰ ਨੌਜਵਾਨ ਦੀ ਪਹਿਚਾਨ ਅਬੂ ਬਕਰ (20) ਪੁੱਤਰ ਇਲੀਅਸ ਮੰਨੂ, ਵਾਸੀ ਛਤਨਵਾਲ, ਜ਼ਿਲ੍ਹਾ ਕਸੂਰ (ਪਾਕਿਸਤਾਨ) ਵਜੋਂ ਹੋਈ ਹੈ।
10 ਪੈਕੇਟ ਹੈਰੋਇਨ ਬਰਾਮਦ
ਸੂਤਰਾਂ ਦੇ ਮੁਤਾਬਕ ਮੁਲਜ਼ਮ ਕੋਲੋਂ 10 ਪੈਕੇਟ ਹੈਰੋਇਨ ਬਰਾਮਦ ਕੀਤੇ ਗਏ ਹਨ। ਹਾਲੇ ਤੱਕ ਬਰਾਮਦ ਨਸ਼ੀਲੇ ਪਦਾਰਥ ਦੀ ਕੁੱਲ ਮਾਤਰਾ ਅਤੇ ਅੰਤਰਰਾਸ਼ਟਰੀ ਬਜ਼ਾਰ ਵਿੱਚ ਇਸ ਦੀ ਕੀਮਤ ਬਾਰੇ ਅਧਿਕਾਰਿਕ ਜਾਣਕਾਰੀ ਸਾਹਮਣੇ ਨਹੀਂ ਆਈ।
ਅਗਲੀ ਜਾਂਚ
ਗ੍ਰਿਫਤਾਰ ਕੀਤੇ ਗਏ ਮੁਲਜ਼ਮ ਨੂੰ Narcotics Control Bureau (ਐਨਸੀਬੀ) ਦੇ ਹਵਾਲੇ ਕੀਤਾ ਜਾ ਰਿਹਾ ਹੈ, ਜੋ ਇਸ ਮਾਮਲੇ ਦੀ ਅਗਲੀ ਜਾਂਚ ਕਰੇਗੀ। ਜਾਂਚ ਦੌਰਾਨ ਇਹ ਪਤਾ ਲਗਾਇਆ ਜਾਵੇਗਾ ਕਿ ਕੀ ਇਸ ਮਾਮਲੇ ਦੇ ਪਿੱਛੇ ਕੋਈ ਵੱਡਾ ਤਸਕਰੀ ਜਾਲ ਸਰਗਰਮ ਹੈ ਜਾਂ ਨਹੀਂ।
ਸਰਹੱਦੀ ਇਲਾਕਿਆਂ ਵਿੱਚ ਵਧੀ ਚੌਕਸੀ
ਪੰਜਾਬ ਸਰਹੱਦ ਨਾਲ ਲੱਗਦੇ ਖੇਤਰਾਂ ਵਿੱਚ ਨਸ਼ਾ ਤਸਕਰੀ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਸੁਰੱਖਿਆ ਏਜੰਸੀਆਂ ਵੱਲੋਂ ਸਰਹੱਦ ‘ਤੇ ਨਿਗਰਾਨੀ ਹੋਰ ਵੀ ਸਖ਼ਤ ਕੀਤੀ ਗਈ ਹੈ, ਤਾਂ ਜੋ ਅਜਿਹੀਆਂ ਗੈਰਕਾਨੂੰਨੀ ਗਤੀਵਿਧੀਆਂ ‘ਤੇ ਪੂਰੀ ਤਰ੍ਹਾਂ ਰੋਕ ਲਗਾਈ ਜਾ ਸਕੇ।
