ਲਾਹੁਲ : ਹਿਮਾਚਲ ਪ੍ਰਦੇਸ਼ ਦੇ ਪ੍ਰਸਿੱਧ ਸੈਰ-ਸਪਾਟਾ ਸਥਾਨਾਂ ਕੁੱਲੂ ਅਤੇ ਮਨਾਲੀ ਵਿੱਚ ਗੁਆਂਢੀ ਸੂਬਿਆਂ ਤੋਂ ਆ ਰਹੇ ਕੁਝ ਉਤਪਾਤੀ ਬਾਈਕਰਾਂ ਵੱਲੋਂ ਹੋਲੀ ਦੀਆਂ ਖ਼ੁਸ਼ੀਆਂ ਵਿੱਚ ਖ਼ਲਲ ਪਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਅਟਲ ਟਨਲ ਰੋਹਤਾਂਗ ਦੇ ਪਾਰ ਲਾਹੁਲ ਘਾਟੀ ਵਿੱਚ ਬਰਫ਼ ਦਾ ਆਨੰਦ ਮਾਣ ਰਹੇ ਸੈਲਾਨੀਆਂ ਦੇ ਦੋ ਗੁੱਟ ਆਪਸ ਵਿੱਚ ਭਿੜ ਗਏ। ਇਸ ਦੌਰਾਨ ਕੁਝ ਨੌਜਵਾਨਾਂ ਵੱਲੋਂ ਸ਼ਰੇਆਮ ਚਾਕੂ ਕੱਢ ਕੇ ਲਹਿਰਾਉਣ ਨਾਲ ਉੱਥੇ ਮੌਜੂਦ ਹੋਰ ਸੈਲਾਨੀਆਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ
ਸੋਸ਼ਲ ਮੀਡੀਆ ’ਤੇ ਵੀਡੀਓ ਹੋਈ ਵਾਇਰਲ
ਚਾਕੂ ਲਹਿਰਾਉਣ ਦੀ ਇਹ ਘਟਨਾ ਕੈਮਰੇ ਵਿੱਚ ਕੈਦ ਹੋ ਗਈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਲਾਹੁਲ-ਸਪੀਤੀ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਝਗੜਾ ਕਰ ਰਹੇ ਦੋਵਾਂ ਗੁੱਟਾਂ ਨੂੰ ਹਿਰਾਸਤ ਵਿੱਚ ਲੈ ਲਿਆ। ਹਾਲਾਂਕਿ, ਪੁਲਿਸ ਦੀ ਮੁੱਢਲੀ ਜਾਂਚ ਦੌਰਾਨ ਦੋਸ਼ੀਆਂ ਕੋਲੋਂ ਚਾਕੂ ਬਰਾਮਦ ਨਹੀਂ ਹੋਇਆ ਹੈ।
ਨਿਯਮਾਂ ਦੀਆਂ ਉਡਾ ਰਹੇ ਨੇ ਧੱਜੀਆਂ
ਪ੍ਰਾਪਤ ਜਾਣਕਾਰੀ ਅਨੁਸਾਰ, ਮਨਾਲੀ ਆਉਣ ਵਾਲੇ ਜ਼ਿਆਦਾਤਰ ਬਾਈਕਰ ਟ੍ਰੈਫਿਕ ਨਿਯਮਾਂ ਦੀ ਅਣਦੇਖੀ ਕਰ ਰਹੇ ਹਨ। ਕਈ ਮੋਟਰਸਾਈਕਲਾਂ ’ਤੇ ਤਿੰਨ-ਤਿੰਨ ਸਵਾਰ ਬਿਨਾਂ ਹੈਲਮੇਟ ਦੇ ਘੁੰਮਦੇ ਨਜ਼ਰ ਆ ਰਹੇ ਹਨ।
ਇਹ ਬਾਈਕਰ ਤੇਜ਼ ਰਫ਼ਤਾਰ ਨਾਲ ਓਵਰਟੇਕ ਕਰਕੇ ਸੜਕ ’ਤੇ ਚੱਲ ਰਹੇ ਹੋਰ ਲੋਕਾਂ ਲਈ ਖ਼ਤਰਾ ਪੈਦਾ ਕਰ ਰਹੇ ਹਨ। ਜਨਤਕ ਥਾਵਾਂ ’ਤੇ ਚੀਕ-ਚਿਹਾੜਾ ਅਤੇ ਹੰਗਾਮਾ ਕਰਨ ਕਾਰਨ ਸਥਾਨਕ ਲੋਕ ਅਤੇ ਹੋਰ ਸੈਲਾਨੀ ਖਾਸੇ ਪਰੇਸ਼ਾਨ ਹਨ।
ਡੀਐਸਪੀ ਮਨਾਲੀ ਦਾ ਬਿਆਨ
ਮਨਾਲੀ ਦੇ ਡੀਐਸਪੀ ਕੇ.ਡੀ. ਸ਼ਰਮਾ ਨੇ ਦੱਸਿਆ ਕਿ ਦੋ ਪਹੀਆ ਵਾਹਨਾਂ ’ਤੇ ਆਉਣ ਵਾਲੇ ਸੈਲਾਨੀਆਂ ਨੂੰ ਹੈਲਮੇਟ ਪਾਉਣ ਅਤੇ ਨਿਯਮਾਂ ਦੀ ਪਾਲਣਾ ਕਰਨ ਲਈ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ। ਨਿਯਮ ਤੋੜਨ ਵਾਲਿਆਂ ਦੇ ਭਾਰੀ ਚਲਾਨ ਵੀ ਕੱਟੇ ਜਾ ਰਹੇ ਹਨ
