ਦੁਬਈ: ਦੀਵਾਲੀ ਦੇ ਪਵਿੱਤਰ ਤਿਉਹਾਰ ਮੌਕੇ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫਾ ਵੀ ਰੌਸ਼ਨੀਆਂ ਨਾਲ ਜਗਮਗਾ ਉੱਠੀ। ਦੁਬਈ ਦੇ ਇਸ ਵਿਸ਼ਵ ਪ੍ਰਸਿੱਧ ਟਾਵਰ ‘ਤੇ ਭਾਰਤੀਆਂ ਸਮੇਤ ਦੀਵਾਲੀ ਮਨਾਉਣ ਵਾਲੇ ਲੋਕਾਂ ਲਈ ਵਿਸ਼ੇਸ਼ ਸੰਦੇਸ਼ ਪ੍ਰਦਰਸ਼ਿਤ ਕੀਤਾ ਗਿਆ। ਇਸ ਸ਼ਾਨਦਾਰ ਨਜ਼ਾਰੇ ਨੇ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਿਆ
828 ਮੀਟਰ ਉੱਚੇ ਬੁਰਜ ਖਲੀਫਾ ‘ਤੇ ਸ਼ਨੀਵਾਰ, 7 ਨਵੰਬਰ ਨੂੰ ਦੀਵਾਲੀ ਦੀਆਂ ਖੁਸ਼ੀਆਂ ਨੂੰ ਸਮਰਪਿਤ ਖਾਸ ਲਾਈਟਿੰਗ ਕੀਤੀ ਗਈ। ਇਮਾਰਤ ‘ਤੇ ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ ਗਈਆਂ। ਇਸ ਦੇ ਨਾਲ ਹੀ ਲੋਕਾਂ ਲਈ ਖੁਸ਼ਹਾਲੀ, ਖੁਸ਼ੀਆਂ ਅਤੇ ਚਾਨਣ ਨਾਲ ਭਰੇ ਜੀਵਨ ਦੀ ਕਾਮਨਾ ਕੀਤੀ ਗਈ
ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ, ਭਾਰਤੀਆਂ ਨੇ ਕੀਤੀ ਸ਼ਲਾਘਾ
ਬੁਰਜ ਖਲੀਫਾ ਦੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ‘ਤੇ ਇਸ ਖੂਬਸੂਰਤ ਲਾਈਟਿੰਗ ਦੀ ਵੀਡੀਓ ਸਾਂਝੀ ਕੀਤੀ ਗਈ। ਇਸ ਦੇ ਨਾਲ ਸੰਦੇਸ਼ ਦਿੱਤਾ ਗਿਆ ਕਿ ਰੌਸ਼ਨੀਆਂ ਦਾ ਇਹ ਤਿਉਹਾਰ ਸਾਰਿਆਂ ਦੇ ਜੀਵਨ ਵਿੱਚ ਖੁਸ਼ੀਆਂ ਅਤੇ ਖੁਸ਼ਹਾਲੀ ਲੈ ਕੇ ਆਵੇ
ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ। ਭਾਰਤੀ ਯੂਜ਼ਰਸ ਨੇ ਦੁਬਈ ਦੇ ਇਸ ਉਪਰਾਲੇ ਦੀ ਤਾਰੀਫ਼ ਕੀਤੀ ਅਤੇ ਦੀਵਾਲੀ ਦੀਆਂ ਵਧਾਈਆਂ ਸਾਂਝੀਆਂ ਕੀਤੀਆਂ। ਕਈ ਲੋਕਾਂ ਨੇ ਇਸ ਨਜ਼ਾਰੇ ਨੂੰ ਬੇਹੱਦ ਸ਼ਾਨਦਾਰ ਅਤੇ ਯਾਦਗਾਰ ਦੱਸਿਆ
UAE ਦੇ ਰਾਸ਼ਟਰਪਤੀ ਅਤੇ ਦੁਬਈ ਦੇ ਸ਼ਾਸਕ ਨੇ ਵੀ ਦਿੱਤੀਆਂ ਦੀਵਾਲੀ ਦੀਆਂ ਵਧਾਈਆਂ
ਦੀਵਾਲੀ ਦੇ ਮੌਕੇ ਸੰਯੁਕਤ ਅਰਬ ਅਮੀਰਾਤ (UAE) ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜਾਇਦ ਅਲ ਨਾਹਯਾਨ ਨੇ ਵੀ UAE ਅਤੇ ਦੁਨੀਆ ਭਰ ਵਿੱਚ ਤਿਉਹਾਰ ਮਨਾਉਣ ਵਾਲੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ
ਉਨ੍ਹਾਂ ਨੇ 8 ਨਵੰਬਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਸੰਦੇਸ਼ ਸਾਂਝਾ ਕਰਦਿਆਂ ਕਿਹਾ ਕਿ ਦੀਵਾਲੀ ਅਤੇ ਆਉਣ ਵਾਲਾ ਸਾਲ ਸਾਰਿਆਂ ਦੇ ਪਰਿਵਾਰਾਂ ਲਈ ਚੰਗੀ ਸਿਹਤ, ਖੁਸ਼ਹਾਲੀ ਅਤੇ ਤਰੱਕੀ ਲੈ ਕੇ ਆਵੇ
ਇਸ ਤੋਂ ਪਹਿਲਾਂ ਦੁਬਈ ਦੇ ਸ਼ਾਸਕ ਅਤੇ UAE ਦੇ ਉਪ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਨੇ ਵੀ ਦੀਵਾਲੀ ਦੀਆਂ ਮੁਬਾਰਕਾਂ ਦਿੱਤੀਆਂ। ਉਨ੍ਹਾਂ ਨੇ ਕਾਮਨਾ ਕੀਤੀ ਕਿ ਇਹ ਤਿਉਹਾਰ ਲੋਕਾਂ ਦੀ ਜ਼ਿੰਦਗੀ ਵਿੱਚ ਸ਼ਾਂਤੀ, ਉਮੀਦ, ਸੁਰੱਖਿਆ, ਖੁਸ਼ੀਆਂ ਅਤੇ ਖੁਸ਼ਹਾਲੀ ਲੈ ਕੇ ਆਵੇ
