ਚੰਡੀਗੜ੍ਹ ਚ’ ਵੱਡੀ ਅੱਤਵਾਦੀ ਘਟਨਾ ਦੀ ਕੋਸ਼ਿਸ਼ ਨਾਕਾਮ, ਬੱਸ ਸਟੈਂਡ ‘ਤੇ ਮਿਲੀ ਸ਼ੱਕੀ IED

ਚੰਡੀਗੜ੍ਹ: ਚੰਡੀਗੜ੍ਹ ਦੇ ਸੈਕਟਰ-43 ਅੰਤਰਰਾਜੀ ਬੱਸ ਸਟੈਂਡ ਤੋਂ ਸ਼ੱਕੀ IED ਮਿਲਣ ਤੋਂ ਬਾਅਦ ਪੁਲਿਸ ਵਿਭਾਗ ਵਿੱਚ ਹੜਕੰਪ ਮਚ ਗਿਆ। ਚੰਡੀਗੜ੍ਹ ਪੁਲਿਸ ਦੀ ਆਪਰੇਸ਼ਨ ਸੈੱਲ ਟੀਮ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਕਾਰਵਾਈ ਕਰਦਿਆਂ ਇਸ ਮਾਮਲੇ ਵਿੱਚ ਪੰਜਾਬ ਦੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਪੁਲਿਸ ਮੁਤਾਬਕ, ਟੀਮ ਨੂੰ ਸ਼ੱਕੀ IED ਅਤੇ ਹਥਿਆਰਾਂ ਨਾਲ ਜੁੜੀ ਜਾਣਕਾਰੀ ਮਿਲੀ ਸੀ, ਜਿਸ ਤੋਂ ਬਾਅਦ ਤੁਰੰਤ ਕਾਰਵਾਈ ਕੀਤੀ ਗਈ। ਜਾਂਚ ਦੌਰਾਨ ਪੁਲਿਸ ਨੇ ਸ਼ੱਕੀ ਵਿਸਫੋਟਕ ਸਮੱਗਰੀ ਅਤੇ ਹੋਰ ਸਾਮਾਨ ਬਰਾਮਦ ਕੀਤਾ।

ਮੁੱਢਲੀ ਜਾਂਚ ‘ਚ IED ਐਕਟਿਵ ਨਾ ਹੋਣ ਦੀ ਗੱਲ ਸਾਹਮਣੇ ਆਈ

ਪੁਲਿਸ ਅਨੁਸਾਰ ਮੁੱਢਲੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਬਰਾਮਦ ਕੀਤੀ ਗਈ IED ਐਕਟਿਵ ਨਹੀਂ ਸੀ। ਹਾਲਾਂਕਿ ਮਾਮਲੇ ਦੀ ਜਾਂਚ ਅਜੇ ਜਾਰੀ ਹੈ ਅਤੇ ਪੁਲਿਸ ਬਰਾਮਦ ਸਮੱਗਰੀ ਅਤੇ ਗ੍ਰਿਫ਼ਤਾਰ ਵਿਅਕਤੀਆਂ ਨਾਲ ਜੁੜੇ ਹਰ ਪੱਖ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।

ਪੁਲਿਸ ਨੇ ਸੰਭਾਵਨਾ ਜਤਾਈ ਹੈ ਕਿ ਇਸ ਮਾਮਲੇ ਵਿੱਚ ਚੰਡੀਗੜ੍ਹ ਵਿੱਚ ਕਿਸੇ ਵੱਡੀ ਵਾਰਦਾਤ ਦੀ ਯੋਜਨਾ ਨਾਲ ਜੁੜੇ ਤੱਥ ਸਾਹਮਣੇ ਆ ਸਕਦੇ ਹਨ। ਹਾਲਾਂਕਿ ਇਸ ਸਬੰਧੀ ਅੰਤਿਮ ਜਾਣਕਾਰੀ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ।

ਸੈਕਟਰ-36 ਥਾਣੇ ਵਿੱਚ FIR ਦਰਜ

ਇਸ ਮਾਮਲੇ ਸਬੰਧੀ ਚੰਡੀਗੜ੍ਹ ਦੇ ਸੈਕਟਰ-36 ਥਾਣੇ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਗ੍ਰਿਫ਼ਤਾਰ ਕੀਤੇ ਗਏ ਤਿੰਨਾਂ ਵਿਅਕਤੀਆਂ ਤੋਂ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ IED ਅਤੇ ਹੋਰ ਸਾਮਾਨ ਕਿੱਥੋਂ ਲਿਆਂਦਾ ਗਿਆ ਅਤੇ ਇਸ ਦੇ ਪਿੱਛੇ ਕੀ ਮਕਸਦ ਸੀ।

ਬੱਸ ਸਟੈਂਡ ਸਮੇਤ ਸ਼ਹਿਰ ਵਿੱਚ ਸੁਰੱਖਿਆ ਵਧਾਈ

ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਚੰਡੀਗੜ੍ਹ ਪੁਲਿਸ ਨੇ ਸ਼ਹਿਰ ਵਿੱਚ ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕਰ ਦਿੱਤੇ ਹਨ। ਜਨਤਕ ਥਾਵਾਂ ‘ਤੇ ਨਿਗਰਾਨੀ ਵਧਾਈ ਗਈ ਹੈ।

ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਘਬਰਾਉਣ ਨਾ ਅਤੇ ਕਿਸੇ ਵੀ ਅਫ਼ਵਾਹ ‘ਤੇ ਧਿਆਨ ਨਾ ਦੇਣ। ਲੋਕਾਂ ਦੀ ਸੁਰੱਖਿਆ ਲਈ ਜ਼ਰੂਰੀ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ