ਪਤੀ ਨੇ ਆਪਣੀ ਪਤਨੀ ਨੂੰ ਪਿਲਾਇਆ HARPIC , ਹਾਲਤ ਨਾਜ਼ੁਕ

ਜਲੰਧਰ: ਜਲੰਧਰ ਦੇ ਕਰਤਾਰਪੁਰ ਇਲਾਕੇ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਔਰਤ ਨੂੰ ਕਥਿਤ ਤੌਰ ‘ਤੇ ਹਰਪਿਕ ਪਿਲਾ ਕੇ ਜਾਨੋਂ ਮਾਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਲਗਾਏ ਗਏ ਹਨ। ਘਟਨਾ ਤੋਂ ਬਾਅਦ ਪੀੜਤਾ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਅਤੇ ਉਸ ਦਾ ਇਲਾਜ ਜਲੰਧਰ ਦੇ ਫੋਰਟਿਸ ਹਸਪਤਾਲ ਵਿੱਚ ਚੱਲ ਰਿਹਾ ਹੈ

ਪੀੜਤਾ ਦੀ ਪਛਾਣ ਕਰਤਾਰਪੁਰ ਵਾਸੀ ਨੇਹਾ ਬੱਸੀ ਵਜੋਂ ਹੋਈ ਹੈ। ਪਰਿਵਾਰ ਵੱਲੋਂ ਲਗਾਏ ਗਏ ਦੋਸ਼ਾਂ ਮੁਤਾਬਕ, ਨੇਹਾ ਨੂੰ ਕਥਿਤ ਤੌਰ ‘ਤੇ ਜ਼ਬਰਦਸਤੀ ਹਰਪਿਕ ਪਿਲਾਇਆ ਗਿਆ, ਜਿਸ ਤੋਂ ਬਾਅਦ ਉਸ ਦੀ ਤਬੀਅਤ ਵਿਗੜ ਗਈ

ਵੈਂਟੀਲੇਟਰ ‘ਤੇ ਚੱਲ ਰਿਹਾ ਇਲਾਜ

ਜਾਣਕਾਰੀ ਅਨੁਸਾਰ ਨੇਹਾ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਫੋਰਟਿਸ ਹਸਪਤਾਲ ਵਿੱਚ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ। ਹਸਪਤਾਲ ਵੱਲੋਂ ਅਜੇ ਤੱਕ ਉਸ ਦੀ ਸਿਹਤ ਸਬੰਧੀ ਕੋਈ ਅਧਿਕਾਰਤ ਮੈਡੀਕਲ ਬੁਲੇਟਿਨ ਜਾਰੀ ਨਹੀਂ ਕੀਤਾ ਗਿਆ।

ਪਤੀ ਅਤੇ ਸੱਸ ‘ਤੇ ਦੋਸ਼

ਪੀੜਤਾ ਦੇ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਘਟਨਾ ਤੋਂ ਬਾਅਦ ਨੇਹਾ ਦਾ ਪਤੀ ਅਤੇ ਸੱਸ ਉਸ ਦੀ 6 ਸਾਲਾ ਧੀ ਨੂੰ ਨਾਲ ਲੈ ਕੇ ਚਲੇ ਗਏ। ਪੁਲਿਸ ਨੇ ਮਾਇਕੇ ਪਰਿਵਾਰ ਵੱਲੋਂ ਦਿੱਤੀ ਸ਼ਿਕਾਇਤ ਅਤੇ ਹਸਪਤਾਲ ਵਿੱਚ ਦਰਜ ਕੀਤੇ ਗਏ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਹਸਪਤਾਲ ਪਹੁੰਚੇ ਜੁਡੀਸ਼ੀਅਲ ਮੈਜਿਸਟ੍ਰੇਟ

ਇਸ ਮਾਮਲੇ ਵਿੱਚ ਇੱਕ ਅਹਿਮ ਗੱਲ ਇਹ ਰਹੀ ਕਿ ਨੇਹਾ ਦੀ ਹਾਲਤ ਬੋਲਣ ਯੋਗ ਨਾ ਹੋਣ ਦੇ ਬਾਵਜੂਦ ਉਸ ਦੇ ਬਿਆਨ ਦਰਜ ਕਰਨ ਲਈ ਜੁਡੀਸ਼ੀਅਲ ਮੈਜਿਸਟ੍ਰੇਟ ਖੁਦ ਹਸਪਤਾਲ ਪਹੁੰਚੇ।

ਪਰਿਵਾਰ ਮੁਤਾਬਕ, ਪੀੜਤਾ ਨੇ ਲਿਖਤੀ ਰੂਪ ਵਿੱਚ ਆਪਣਾ ਪੱਖ ਦਰਜ ਕਰਵਾਇਆ ਅਤੇ ਘਟਨਾ ਸਬੰਧੀ ਜਾਣਕਾਰੀ ਦਿੱਤੀ। ਪੁਲਿਸ ਵੱਲੋਂ ਮਾਮਲੇ ਦੀ ਅਗਲੀ ਜਾਂਚ ਕੀਤੀ ਜਾ ਰਹੀ ਹੈ।