ਭਾਰਤੀ ਕ੍ਰਿਕਟਰ ਰਿੰਕੂ ਸਿੰਘ T20 ਵਿਸ਼ਵ ਕੱਪ ਵਿਚਾਲੇ ਛੱਡ ਕੇ ਪਰਤੇ ਘਰ

ਚੇਨਈ: ਭਾਰਤੀ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਰਿੰਕੂ ਸਿੰਘ ਨਾਲ ਜੁੜੀ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ICC ਟੀ-20 ਵਿਸ਼ਵ ਕੱਪ ਦੇ ਅਹਿਮ ਪੜਾਅ ਦੌਰਾਨ ਰਿੰਕੂ ਸਿੰਘ ਆਪਣੇ ਪਿਤਾ ਦੀ ਖ਼ਰਾਬ ਸਿਹਤ ਕਾਰਨ ਭਾਰਤੀ ਕੈਂਪ ਛੱਡ ਕੇ ਵਾਪਸ ਘਰ ਪਰਤ ਗਏ ਹਨ।

ਸੂਤਰਾਂ ਮੁਤਾਬਕ ਰਿੰਕੂ ਸਿੰਘ ਦੇ ਪਿਤਾ ਲੀਵਰ ਕੈਂਸਰ (ਸਟੇਜ-4) ਨਾਲ ਜੂਝ ਰਹੇ ਹਨ ਅਤੇ ਇਸ ਸਮੇਂ ਉਹ ਵੈਂਟੀਲੇਟਰ ‘ਤੇ ਹਨ। ਪਰਿਵਾਰ ‘ਤੇ ਆਈ ਇਸ ਬਿਪਤਾ ਕਾਰਨ ਰਿੰਕੂ ਨੇ ਤੁਰੰਤ ਟੀਮ ਦਾ ਸਾਥ ਛੱਡ ਕੇ ਆਪਣੇ ਪਰਿਵਾਰ ਕੋਲ ਜਾਣ ਦਾ ਫੈਸਲਾ ਕੀਤਾ

ਟੀਮ ਇੰਡੀਆ ਲਈ ਵੱਡਾ ਝਟਕਾ
ਭਾਰਤੀ ਟੀਮ ਪ੍ਰਬੰਧਨ ਇਸ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਉਹ ਟੂਰਨਾਮੈਂਟ ਦੇ ਬਾਕੀ ਮੈਚਾਂ ਲਈ ਵਾਪਸ ਆਉਣਗੇ ਜਾਂ ਨਹੀਂ। ਫਿਨੀਸ਼ਰ ਵਜੋਂ ਆਪਣੀ ਪਛਾਣ ਬਣਾਉਣ ਵਾਲੇ ਰਿੰਕੂ ਦਾ ਅਚਾਨਕ ਜਾਣਾ ਭਾਰਤ ਦੇ ਬੱਲੇਬਾਜ਼ੀ ਸੁਮੇਲ ਨੂੰ ਪ੍ਰਭਾਵਿਤ ਕਰ ਸਕਦਾ ਹੈ।

ਮੰਗਲਵਾਰ ਨੂੰ ਹੋਏ ਅਭਿਆਸ ਸੈਸ਼ਨ ਦੌਰਾਨ ਹਾਰਦਿਕ ਪਾਂਡਿਆ, ਇਸ਼ਾਨ ਕਿਸ਼ਨ ਅਤੇ ਅਰਸ਼ਦੀਪ ਸਿੰਘ ਵਰਗੇ ਖਿਡਾਰੀ ਤਾਂ ਮੈਦਾਨ ‘ਤੇ ਨਜ਼ਰ ਆਏ, ਪਰ ਰਿੰਕੂ ਸਿੰਘ ਦੀ ਗੈਰ-ਹਾਜ਼ਰੀ ਨੇ ਸਭ ਦਾ ਧਿਆਨ ਖਿੱਚਿਆ

ਵਿਸ਼ਵ ਕੱਪ ‘ਚ ਹੁਣ ਤੱਕ ਦਾ ਪ੍ਰਦਰਸ਼ਨ
ਇਸ ਵਿਸ਼ਵ ਕੱਪ ਵਿੱਚ ਰਿੰਕੂ ਸਿੰਘ ਦਾ ਪ੍ਰਦਰਸ਼ਨ ਮਿਲਿਆ-ਜੁਲਿਆ ਰਿਹਾ ਹੈ। ਉਨ੍ਹਾਂ ਨੂੰ ਅਕਸਰ ਪਾਰੀ ਦੇ ਆਖਰੀ ਓਵਰਾਂ ਵਿੱਚ ਬੱਲੇਬਾਜ਼ੀ ਦਾ ਮੌਕਾ ਮਿਲਿਆ। ਪੰਜ ਪਾਰੀਆਂ ਵਿੱਚ ਉਨ੍ਹਾਂ ਨੇ ਕੇਵਲ 24 ਦੌੜਾਂ ਬਣਾਈਆਂ ਹਨ। ਜੇਕਰ ਇਸ ਪੂਰੇ ਸਾਲ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 10 ਟੀ-20 ਮੈਚਾਂ ਵਿੱਚ ਲਗਭਗ 28 ਦੀ ਔਸਤ ਨਾਲ 115 ਦੌੜਾਂ ਬਣਾਈਆਂ ਹਨ

ਜ਼ਿੰਬਾਬਵੇ ਖ਼ਿਲਾਫ਼ ‘ਕਰੋ ਜਾਂ ਮਰੋ’ ਦਾ ਮੁਕਾਬਲਾ
ਦੱਖਣੀ ਅਫਰੀਕਾ ਹੱਥੋਂ ਸੁਪਰ-8 ਵਿੱਚ ਮਿਲੀ 76 ਦੌੜਾਂ ਦੀ ਕਰਾਰੀ ਹਾਰ ਤੋਂ ਬਾਅਦ, ਭਾਰਤ ਲਈ ਵੀਰਵਾਰ ਨੂੰ ਚੇਨਈ ਵਿਖੇ ਜ਼ਿੰਬਾਬਵੇ ਖ਼ਿਲਾਫ਼ ਹੋਣ ਵਾਲਾ ਮੈਚ ਬੇਹੱਦ ਅਹਿਮ ਹੈ। ਖਿਤਾਬ ਦੀ ਦੌੜ ਵਿੱਚ ਬਣੇ ਰਹਿਣ ਲਈ ਭਾਰਤ ਨੂੰ ਇਹ ਮੈਚ ਹਰ ਹਾਲ ਵਿੱਚ ਜਿੱਤਣਾ ਪਵੇਗਾ।

ਪੂਰਾ ਕ੍ਰਿਕਟ ਜਗਤ ਇਸ ਮੁਸ਼ਕਲ ਘੜੀ ਵਿੱਚ ਰਿੰਕੂ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਲਈ ਅਰਦਾਸ ਕਰ ਰਿਹਾ ਹੈ