ਪੰਜਾਬ ਸਰਕਾਰ ਵੱਲੋਂ 1 ਜੁਲਾਈ ਤੋਂ ਸ਼ੁਰੂ ਕੀਤੀ ਗਈ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀ ਰਜਿਸਟ੍ਰੇਸ਼ਨ ਦੌਰਾਨ ਤਰਨਤਾਰਨ ਦੇ ਬਲਾਕ ਚੋਹਲਾ ਸਾਹਿਬ ਵਿੱਚ ਇੱਕ ਵੱਡਾ ਘਪਲਾ ਸਾਹਮਣੇ ਆਇਆ ਹੈ। ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਖਡੂਰ ਸਾਹਿਬ ਇਲਾਕੇ ਦੀਆਂ 62 ਔਰਤਾਂ ਦੇ ਫਾਰਮਾਂ ਵਿੱਚ ਇੱਕ ਹੀ ਬੈਂਕ ਖਾਤਾ ਨੰਬਰ ਜੋੜਿਆ ਗਿਆ ਸੀ। ਮਾਮਲਾ ਉਜਾਗਰ ਹੋਣ ਤੋਂ ਬਾਅਦ ਵਿਭਾਗ ਨੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪੁਲਿਸ ਨੇ ਇੱਕ ਆਂਗਣਵਾੜੀ ਵਰਕਰ ਅਤੇ ਉਸ ਦੇ ਲੜਕੇ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਪਿੰਡ ਭੈਲ ਢਾਏਵਾਲਾ ਦੀ ਆਂਗਣਵਾੜੀ ਮੁਲਾਜ਼ਮ ਜਤਿੰਦਰ ਕੌਰ ਨੂੰ ਇਸ ਸਕੀਮ ਤਹਿਤ ਔਰਤਾਂ ਦੇ ਫਾਰਮ ਭਰਨ ਦੀ ਜ਼ਿੰਮੇਵਾਰੀ ਮਿਲੀ ਸੀ। ਇਲਜ਼ਾਮ ਹੈ ਕਿ ਉਸ ਨੇ 62 ਬਿਨੈਕਾਰ ਔਰਤਾਂ ਦੇ ਦਸਤਾਵੇਜ਼ ਆਨਲਾਈਨ ਚੜ੍ਹਾਉਂਦੇ ਸਮੇਂ ਸਾਰੀਆਂ ਦੇ ਖਾਤੇ ਦੀ ਜਗ੍ਹਾ ਆਪਣੇ ਪੁੱਤਰ ਗੁਰਬਾਜ਼ ਸਿੰਘ ਦਾ ਬੈਂਕ ਖਾਤਾ ਨੰਬਰ ਪਾ ਦਿੱਤਾ।
ਜਦੋਂ ਚੰਡੀਗੜ੍ਹ ਵਿਖੇ ਮੁੱਖ ਦਫ਼ਤਰ ਵਿੱਚ ਫਾਰਮਾਂ ਦੀ ਪੜਤਾਲ (ਵੈਰੀਫਿਕੇਸ਼ਨ) ਕੀਤੀ ਜਾ ਰਹੀ ਸੀ, ਤਾਂ ਅਧਿਕਾਰੀਆਂ ਨੇ ਦੇਖਿਆ ਕਿ 62 ਵੱਖ-ਵੱਖ ਔਰਤਾਂ ਦੇ ਨਾਂ ਨਾਲ ਇੱਕੋ ਹੀ ਬੈਂਕ ਅਕਾਊਂਟ ਲਿੰਕ ਹੈ। ਇਸ ਗੜਬੜੀ ਦਾ ਪਤਾ ਲੱਗਦਿਆਂ ਹੀ ਚੰਡੀਗੜ੍ਹ ਤੋਂ ਲੈ ਕੇ ਤਰਨਤਾਰਨ ਦੇ ਡਿਪਟੀ ਕਮਿਸ਼ਨਰ (ਡੀਸੀ) ਦਫ਼ਤਰ ਤੱਕ ਹਲਚਲ ਮਚ ਗਈ ਅਤੇ ਮਾਮਲੇ ਦੀ ਤੁਰੰਤ ਜਾਂਚ ਵਿੱਢ ਦਿੱਤੀ ਗਈ।
ਸ਼ੁਰੂਆਤੀ ਪੜਤਾਲ ਵਿੱਚ ਸਾਹਮਣੇ ਆਇਆ ਹੈ ਕਿ ਆਂਗਣਵਾੜੀ ਵਰਕਰ ਜਤਿੰਦਰ ਕੌਰ ਨੇ ਆਪਣੀ ਸਰਕਾਰੀ ਲੌਗਇਨ ਆਈਡੀ ਅਤੇ ਪਾਸਵਰਡ ਆਪਣੇ ਪੁੱਤਰ ਗੁਰਬਾਜ਼ ਸਿੰਘ ਨੂੰ ਦਿੱਤਾ ਹੋਇਆ ਸੀ। ਦੋਸ਼ ਹੈ ਕਿ ਗੁਰਬਾਜ਼ ਸਿੰਘ ਨੇ ਖੁਦ ਘਰ-ਘਰ ਜਾ ਕੇ 62 ਔਰਤਾਂ ਦੀ ਰਜਿਸਟ੍ਰੇਸ਼ਨ ਕੀਤੀ ਅਤੇ ਸਾਰੀਆਂ ਦੇ ਫਾਰਮਾਂ ਵਿੱਚ ਚਲਾਕੀ ਨਾਲ ਆਪਣਾ ਬੈਂਕ ਖਾਤਾ ਨੰਬਰ ਭਰ ਦਿੱਤਾ।
ਬਲਾਕ ਚੋਹਲਾ ਸਾਹਿਬ ਦੀ ਸੀਡੀਪੀਓ (CDPO) ਨਿਵੇਦਿਤਾ ਕੁਮਰਾ ਦੀ ਸ਼ਿਕਾਇਤ ‘ਤੇ ਥਾਣਾ ਗੋਇੰਦਵਾਲ ਸਾਹਿਬ ਵਿੱਚ ਜਤਿੰਦਰ ਕੌਰ ਅਤੇ ਉਸ ਦੇ ਪੁੱਤਰ ਗੁਰਬਾਜ਼ ਸਿੰਘ ਖ਼ਿਲਾਫ਼ ਪਰਚਾ ਦਰਜ ਕਰ ਲਿਆ ਗਿਆ ਹੈ। ਐੱਸਐੱਸਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਪੁਲਿਸ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕਰ ਰਹੀ ਹੈ ਅਤੇ ਸਬੰਧਤ ਵਿਭਾਗ ਨਾਲ ਮਿਲ ਕੇ ਇਸ ਘਪਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।