ਲੁਧਿਆਣਾ ‘ਚ ਸਨਸਨੀ: ਮਾਰਸ਼ਲ ਆਰਟ ਕਲਾਸ ‘ਚੋਂ 4 ਸਾਲ ਦਾ ਬੱਚਾ ਅਗਵਾ

ਲੁਧਿਆਣਾ ਦੇ ਸੁੰਦਰ ਨਗਰ (ਮਹਾਵੀਰ ਜੈਨ ਕਲੋਨੀ) ਦੀ ਰਹਿਣ ਵਾਲੀ ਇੱਕ ਮਹਿਲਾ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਸਾਂਝੀ ਕਰਕੇ ਆਪਣੇ ਪਤੀ ਅਤੇ ਸਹੁਰੇ ਪਰਿਵਾਰ ‘ਤੇ ਗੰਭੀਰ ਦੋਸ਼ ਲਗਾਏ ਹਨ। ਮਹਿਲਾ ਦਾ ਕਹਿਣਾ ਹੈ ਕਿ ਉਸ ਦਾ ਪਤੀ ਉਨ੍ਹਾਂ ਦੇ ਚਾਰ ਸਾਲ ਦੇ ਪੁੱਤਰ ਨੂੰ ਮਾਰਸ਼ਲ ਆਰਟਸ ਦੀ ਕਲਾਸ ਵਿੱਚੋਂ ਜ਼ਬਰਦਸਤੀ ਆਪਣੇ ਨਾਲ ਲੈ ਗਿਆ ਹੈ।

ਪੀੜਤ ਮਹਿਲਾ ਮੁਤਾਬਕ ਪਰਿਵਾਰਕ ਝਗੜੇ ਕਾਰਨ ਬੱਚੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਸ ਨੇ ਦੱਸਿਆ ਕਿ ਸਹੁਰੇ ਪਰਿਵਾਰ ਨੇ ਪਹਿਲਾਂ ਵੀ ਬੱਚੇ ਨੂੰ ਖੋਹਣ ਦੀ ਕੋਸ਼ਿਸ਼ ਕੀਤੀ ਸੀ। ਮਹਿਲਾ ਨੇ ਸਾਫ਼ ਕੀਤਾ ਕਿ ਉਸ ਨੇ ਕਦੇ ਵੀ ਆਪਣੇ ਬੱਚੇ ਦੇ ਸਾਹਮਣੇ ਮਾਪਿਆਂ ਦੇ ਆਪਸੀ ਝਗੜੇ ਦਾ ਜ਼ਿਕਰ ਨਹੀਂ ਹੋਣ ਦਿੱਤਾ।

ਵੀਡੀਓ ਵਿੱਚ ਮਹਿਲਾ ਨੇ ਕਿਹਾ ਕਿ ਜੇਕਰ ਇਸ ਪੂਰੇ ਮਾਮਲੇ ਵਿੱਚ ਉਸ ਦੇ ਆਪਣੇ ਜੇਕੇ (ਪੇਕੇ) ਪਰਿਵਾਰ ਦਾ ਵੀ ਕੋਈ ਮੈਂਬਰ ਦੋਸ਼ੀ ਪਾਇਆ ਜਾਂਦਾ ਹੈ, ਤਾਂ ਉਸ ਵਿਰੁੱਧ ਵੀ ਸਖ਼ਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਉਸ ਨੇ ਆਪਣੇ ਪਤੀ ਨੂੰ ਸਲਾਹ ਦਿੱਤੀ ਕਿ ਜੇਕਰ ਉਹ ਬੱਚੇ ਨੂੰ ਮਿਲਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਗ਼ੈਰ-ਕਾਨੂੰਨੀ ਤਰੀਕਾ ਅਪਣਾਉਣ ਦੀ ਬਜਾਏ ਅਦਾਲਤ ਰਾਹੀਂ ਆਉਣਾ ਚਾਹੀਦਾ ਹੈ।

ਮਹਿਲਾ ਨੇ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਉਸ ਨੇ ਅਪੀਲ ਕੀਤੀ ਹੈ ਕਿ ਇਸ ਮਾਮਲੇ ਦੀ ਨਿਰਪੱਖਤਾ ਨਾਲ ਜਾਂਚ ਕੀਤੀ ਜਾਵੇ ਅਤੇ ਉਸ ਦੇ ਚਾਰ ਸਾਲ ਦੇ ਮਾਸੂਮ ਬੱਚੇ ਨੂੰ ਜਲਦੀ ਤੋਂ ਜਲਦੀ ਸਹੀ-ਸਲਾਮਤ ਉਸ ਦੇ ਹਵਾਲੇ ਕੀਤਾ ਜਾਵੇ।