ਇੰਡੀਅਨ ਪ੍ਰੀਮੀਅਰ ਲੀਗ (IPL) 2026 ਦੇ ਦੌਰਾਨ ਅਨੁਸ਼ਾਸਨ ਨੂੰ ਲੈ ਕੇ ਇੱਕ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਕਈ ਖਿਡਾਰੀਆਂ ਵੱਲੋਂ ਆਪਣੀਆਂ ਗਰਲਫ੍ਰੈਂਡਾਂ ਨੂੰ ਟੀਮ ਬੱਸਾਂ ਅਤੇ ਹੋਟਲਾਂ ਵਿੱਚ ਨਾਲ ਰੱਖਣ ‘ਤੇ ਸਖ਼ਤ ਇਤਰਾਜ਼ ਜਤਾਇਆ ਹੈ। ਬੋਰਡ ਹੁਣ ਇਸ ਰੁਝਾਨ ਨੂੰ ਰੋਕਣ ਲਈ ਨਵੇਂ ਅਤੇ ਸਖ਼ਤ ਨਿਯਮ ਬਣਾਉਣ ਦੀ ਤਿਆਰੀ ਕਰ ਰਿਹਾ ਹੈ।
ਕੀ ਹੈ ਪੂਰਾ ਮਾਮਲਾ?
ਰਿਪੋਰਟਾਂ ਅਨੁਸਾਰ, ਹਾਰਦਿਕ ਪੰਡਯਾ, ਯਸ਼ਸਵੀ ਜੈਸਵਾਲ, ਈਸ਼ਾਨ ਕਿਸ਼ਨ ਅਤੇ ਅਰਸ਼ਦੀਪ ਸਿੰਘ ਵਰਗੇ ਸਟਾਰ ਖਿਡਾਰੀ ਹਾਲ ਹੀ ਵਿੱਚ ਆਪਣੇ ਸਾਥੀਆਂ (ਪਾਟਨਰ) ਨਾਲ ਜਨਤਕ ਤੌਰ ‘ਤੇ ਘੁੰਮਦੇ ਅਤੇ ਟੀਮ ਦੇ ਅਧਿਕਾਰਤ ਦੌਰਿਆਂ ਦੌਰਾਨ ਇਕੱਠੇ ਨਜ਼ਰ ਆਏ ਹਨ। ਬੋਰਡ ਦਾ ਮੰਨਣਾ ਹੈ ਕਿ ਇਸ ਨਾਲ ਟੀਮ ਦੇ ਅਨੁਸ਼ਾਸਨ ‘ਤੇ ਮਾੜਾ ਅਸਰ ਪੈ ਰਿਹਾ ਹੈ।
ਬੋਰਡ ਦੀਆਂ ਮੁੱਖ ਚਿੰਤਾਵਾਂ
BCCI ਨੇ ਇਸ ਮਾਮਲੇ ਵਿੱਚ ਕਈ ਗੰਭੀਰ ਨੁਕਤੇ ਚੁੱਕੇ ਹਨ। ਕਈ ਖਿਡਾਰੀਆਂ ਦੀਆਂ ਪਾਟਨਰ ਸੋਸ਼ਲ ਮੀਡੀਆ ਇਨਫਲੂਐਂਸਰ ਹਨ। ਬੋਰਡ ਨੂੰ ਖਦਸ਼ਾ ਹੈ ਕਿ ਟੀਮ ਦੀਆਂ ਗੁਪਤ ਰਣਨੀਤੀਆਂ ਜਾਂ ਸੰਵੇਦਨਸ਼ੀਲ ਜਾਣਕਾਰੀ ਅਣਜਾਣੇ ਵਿੱਚ ਸੋਸ਼ਲ ਮੀਡੀਆ ਰਾਹੀਂ ਬਾਹਰ ਆ ਸਕਦੀ ਹੈ। ਕੁਝ ਪਾਟਨਰਜ਼ ਵੱਲੋਂ ਅਤੀਤ ਵਿੱਚ ਸੱਟੇਬਾਜ਼ੀ ਐਪਸ ਦਾ ਪ੍ਰਚਾਰ ਕੀਤਾ ਗਿਆ ਹੈ, ਜੋ ਕਿ ਕ੍ਰਿਕਟ ਦੀ ਸਾਖ ਲਈ ਖ਼ਤਰਾ ਹੋ ਸਕਦਾ ਹੈ।
ਖਿਡਾਰੀਆਂ ਅਤੇ ਉਨ੍ਹਾਂ ਦੇ ਸਾਥੀਆਂ ਵਿਚਕਾਰ ਨਿੱਜੀ ਝਗੜਿਆਂ ਅਤੇ ਪੁਲਿਸ ਸ਼ਿਕਾਇਤਾਂ ਦੀਆਂ ਘਟਨਾਵਾਂ ਨੇ ਵੀ ਬੋਰਡ ਦੇ ਅਕਸ ਨੂੰ ਨੁਕਸਾਨ ਪਹੁੰਚਾਇਆ ਹੈ।
ਨਿਯਮਾਂ ਦੀ ਉਲੰਘਣਾ ‘ਤੇ ਸਵਾਲ
BCCI ਦੇ ਇੱਕ ਅਧਿਕਾਰੀ ਨੇ ਸਪੱਸ਼ਟ ਕੀਤਾ ਕਿ ਮੌਜੂਦਾ ਨਿਯਮਾਂ ਤਹਿਤ ਸਿਰਫ਼ ਪਤਨੀਆਂ ਅਤੇ ਪਰਿਵਾਰਕ ਮੈਂਬਰਾਂ ਨੂੰ ਹੀ ਖ਼ਾਸ ਸ਼ਰਤਾਂ ‘ਤੇ ਨਾਲ ਰਹਿਣ ਦੀ ਇਜਾਜ਼ਤ ਹੈ। ਐਂਟੀ ਕਰੱਪਸ਼ਨ ਯੂਨਿਟ (ACU) ਦੇ ਕੁਝ ਅਧਿਕਾਰੀਆਂ ਵੱਲੋਂ “ਅਧਿਕਾਰਤ ਪਾਟਨਰ” ਵਜੋਂ ਦਿੱਤੀ ਗਈ ਛੋਟ ‘ਤੇ ਵੀ ਬੋਰਡ ਹੁਣ ਸਖ਼ਤ ਕਾਰਵਾਈ ਕਰਨ ਦੇ ਮੂਡ ਵਿੱਚ ਹੈ।
ਆਉਣ ਵਾਲੇ ਸਮੇਂ ਵਿੱਚ ਕੀ ਹੋਵੇਗਾ ਬਦਲਾਅ?
ਬੋਰਡ ਆਪਣੀ ਅਗਲੀ ਮੀਟਿੰਗ ਵਿੱਚ ਨਵੇਂ ਦਿਸ਼ਾ-ਨਿਰਦੇਸ਼ਾਂ ਨੂੰ ਅੰਤਿਮ ਰੂਪ ਦੇਵੇਗਾ, ਜੋ ਕਿ ਹੇਠ ਲਿਖੇ ਅਨੁਸਾਰ ਹੋ ਸਕਦੇ ਹਨ:
- ਸਮਾਨ ਨਿਯਮ: ਸਾਰੀਆਂ IPL ਫ੍ਰੈਂਚਾਇਜ਼ੀਜ਼ ਲਈ ਇੱਕੋ ਜਿਹੇ ਕੇਂਦਰੀ ਨਿਯਮ ਲਾਗੂ ਹੋਣਗੇ।
- ਅੰਤਰਰਾਸ਼ਟਰੀ ਦੌਰੇ: ਇਹ ਪਾਬੰਦੀਆਂ ਸਿਰਫ਼ IPL ਤੱਕ ਹੀ ਸੀਮਿਤ ਨਹੀਂ ਰਹਿਣਗੀਆਂ, ਸਗੋਂ ਭਾਰਤੀ ਟੀਮ ਦੇ ਵਿਦੇਸ਼ੀ ਦੌਰਿਆਂ ‘ਤੇ ਵੀ ਲਾਗੂ ਹੋਣਗੀਆਂ।
- ਨਵਾਂ ਪ੍ਰੋਟੋਕੋਲ: ACU ਨੂੰ ਖਿਡਾਰੀਆਂ ਦੇ ਰਹਿਣ-ਸਹਿਣ ਅਤੇ ਯਾਤਰਾ ਸਬੰਧੀ ਨਵੇਂ ਅਤੇ ਸਖ਼ਤ ਨਿਰਦੇਸ਼ ਦਿੱਤੇ ਜਾਣਗੇ।
BCCI ਦਾ ਮੁੱਖ ਉਦੇਸ਼ ਖੇਡ ਦੀ ਮਰਿਆਦਾ ਬਣਾਈ ਰੱਖਣਾ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਖਿਡਾਰੀਆਂ ਦਾ ਪੂਰਾ ਧਿਆਨ ਆਪਣੇ ਪ੍ਰਦਰਸ਼ਨ ‘ਤੇ ਰਹੇ।