ਚੰਡੀਗੜ੍ਹ: ਪੰਜਾਬ ਦੀ ਸਿਆਸਤ ਵਿੱਚ MP ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਚਰਚਾ ਲਗਾਤਾਰ ਜਾਰੀ ਹੈ। ਇਸੇ ਦਰਮਿਆਨ ਮਸ਼ਹੂਰ WWE ਪਹਿਲਵਾਨ ਦ ਗ੍ਰੇਟ ਖਲੀ ਵੱਲੋਂ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਦਿੱਤਾ ਗਿਆ ਇੱਕ ਬਿਆਨ ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ
ਇੱਕ ਇੰਟਰਵਿਊ ਦੌਰਾਨ ਖਲੀ ਤੋਂ ਉਨ੍ਹਾਂ ਦੇ ਪਸੰਦੀਦਾ ਸਿਆਸੀ ਆਗੂ ਬਾਰੇ ਸਵਾਲ ਕੀਤਾ ਗਿਆ। ਜਵਾਬ ਵਿੱਚ ਉਨ੍ਹਾਂ ਨੇ ਅੰਮ੍ਰਿਤਪਾਲ ਸਿੰਘ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੀ ਰਿਹਾਈ ਦੀ ਮੰਗ ਕੀਤੀ
‘ਅੰਮ੍ਰਿਤਪਾਲ ਬਾਹਰ ਆਉਣ ਤਾਂ ਪੰਜਾਬ ਦਾ ਸੁਧਾਰ ਹੋਵੇਗਾ’
ਵਾਇਰਲ ਹੋ ਰਹੀ ਇੰਟਰਵਿਊ ਕਲਿੱਪ ਵਿੱਚ ਦ ਗ੍ਰੇਟ ਖਲੀ ਨੇ ਪੰਜਾਬ ਵਿੱਚ ਵਧ ਰਹੇ ਨਸ਼ਿਆਂ ਦੇ ਮੁੱਦੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਲੋਕਾਂ ਨੂੰ ਇਸ ਮਾਮਲੇ ’ਤੇ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ। ਉਨ੍ਹਾਂ ਦੇ ਮੁਤਾਬਕ ਜੇਕਰ ਅੰਮ੍ਰਿਤਪਾਲ ਸਿੰਘ ਜੇਲ੍ਹ ਤੋਂ ਬਾਹਰ ਆਉਂਦੇ ਹਨ ਤਾਂ ਉਹ ਪੰਜਾਬ ਦੀ ਬਿਹਤਰੀ ਲਈ ਕੰਮ ਕਰ ਸਕਦੇ ਹਨ।
ਖਲੀ ਨੇ ਅੰਮ੍ਰਿਤਪਾਲ ਸਿੰਘ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਹ ਨਸ਼ਿਆਂ ਖ਼ਿਲਾਫ਼ ਗੱਲ ਕਰਦੇ ਹਨ ਅਤੇ ਨੌਜਵਾਨਾਂ ਨੂੰ ਇਕਜੁੱਟ ਹੋਣ ਦਾ ਸੰਦੇਸ਼ ਦਿੰਦੇ ਹਨ।
ਨੌਜਵਾਨਾਂ ਨੂੰ ਅੰਮ੍ਰਿਤ ਛਕਾਉਣ ਦਾ ਕੀਤਾ ਜ਼ਿਕਰ
ਇੰਟਰਵਿਊ ਦੌਰਾਨ ਖਲੀ ਨੇ ਅੰਮ੍ਰਿਤਪਾਲ ਸਿੰਘ ਵੱਲੋਂ ਨੌਜਵਾਨਾਂ ਨੂੰ ਅੰਮ੍ਰਿਤ ਛਕਾਉਣ ਅਤੇ ਸਿੱਖੀ ਨਾਲ ਜੋੜਨ ਦੀਆਂ ਗਤੀਵਿਧੀਆਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਨੇ ਕਈ ਲੋਕਾਂ ਨੂੰ ਅੰਮ੍ਰਿਤ ਛਕਾਇਆ ਅਤੇ ਨੌਜਵਾਨਾਂ ਨੂੰ ਪੱਗ ਬੰਨ੍ਹਣ ਲਈ ਪ੍ਰੇਰਿਤ ਕੀਤਾ।
ਦ ਗ੍ਰੇਟ ਖਲੀ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੂੰ ਬਾਹਰ ਆ ਕੇ ਪੰਜਾਬ ਦੀ ਬਿਹਤਰੀ ਲਈ ਯੋਗਦਾਨ ਪਾਉਣਾ ਚਾਹੀਦਾ ਹੈ।
ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਪੰਜਾਬ ਦੀ ਸਿਆਸਤ ’ਚ ਚਰਚਾ
ਅੰਮ੍ਰਿਤਪਾਲ ਸਿੰਘ ਪਿਛਲੇ ਕੁਝ ਸਾਲਾਂ ਦੌਰਾਨ ਪੰਜਾਬ ਦੀ ਸਿਆਸਤ ਵਿੱਚ ਚਰਚਿਤ ਚਿਹਰੇ ਵਜੋਂ ਉਭਰੇ ਹਨ। ਜੇਲ੍ਹ ਵਿੱਚ ਹੋਣ ਦੇ ਬਾਵਜੂਦ ਉਨ੍ਹਾਂ ਨਾਲ ਜੁੜੀ ਸਿਆਸੀ ਸਰਗਰਮੀ ਅਤੇ ਉਨ੍ਹਾਂ ਦੀ ਪਾਰਟੀ ਵੱਲੋਂ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਕਰਨ ਦੀ ਗੱਲ ਪੰਜਾਬ ਦੀ ਸਿਆਸਤ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ
ਇਸੇ ਵਿੱਚ ਦ ਗ੍ਰੇਟ ਖਲੀ ਦਾ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦੇ ਹੱਕ ਵਿੱਚ ਬੋਲਣਾ ਹੁਣ ਸੋਸ਼ਲ ਮੀਡੀਆ ’ਤੇ ਵੀ ਚਰਚਾ ਖਿੱਚ ਰਿਹਾ ਹੈ।
