ਵਿਧਾਇਕ ਬੰਗਾ ਸੁਖਵਿੰਦਰ ਕੁਮਾਰ ਸੁੱਖੀ ਅਤੇ ਵਿਧਾਇਕ ਬਲਾਚੌਰ ਸੰਤੋਸ਼ ਕਟਾਰੀਆ ਨੇ ਕੀਤੇ ਖੇਡ ਮੈਦਾਨਾਂ ਦੇ ਉਦਘਾਟਨ
ਐਸ.ਬੀ.ਐਸ. ਨਗਰ: ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਨਸ਼ਿਆਂ ਤੋਂ ਦੂਰ ਰੱਖਣ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਅੱਜ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ 10 ਨਵੇਂ ਖੇਡ ਮੈਦਾਨ ਲੋਕ ਅਰਪਿਤ ਕੀਤੇ ਗਏ।
ਵਿਧਾਇਕ ਬੰਗਾ ਡਾ. ਸੁਖਵਿੰਦਰ ਕੁਮਾਰ ਸੁੱਖੀ ਅਤੇ ਵਿਧਾਇਕ ਬਲਾਚੌਰ ਸੰਤੋਸ਼ ਕਟਾਰੀਆ ਨੇ ਵੱਖ-ਵੱਖ ਪਿੰਡਾਂ ਵਿੱਚ ਇਨ੍ਹਾਂ ਖੇਡ ਮੈਦਾਨਾਂ ਦਾ ਰਸਮੀ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਵਿੱਚ ਖੇਡ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਨ ਲਈ ਲਗਾਤਾਰ ਯਤਨਸ਼ੀਲ ਹੈ। ਉਨ੍ਹਾਂ ਦੱਸਿਆ ਕਿ ਬਲਾਕ ਬੰਗਾ ਦੇ 4 ਪਿੰਡਾਂ ਘੁੰਮਾਣ, ਖੋਥੜਾ, ਰਾਏਪੁਰ ਦੱਬਾ, ਸਕੋਹਪੁਰ ਅਤੇ ਨਵਾਂਸ਼ਹਿਰ ਬਲਾਕ ਦੇ ਚਾਰ ਪਿੰਡਾਂ ਬਜੀਦਪੁਰ, ਬੈਂਸ, ਭਾਰਟਾ ਖੁਰਦ, ਮੰਗੂਵਾਲ, ਅਤੇ ਸੜੋਆ ਦੇ ਪਿੰਡ ਬਛੋੜੀ ਅਤੇ ਬਲਾਚੌਰ ਦੇ ਪਿੰਡ ਬੇਗੋਵਾਲ ਵਿਖੇ ਖੇਡ ਮੈਦਾਨ ਲੋਕ ਅਰਪਿਤ ਕੀਤੇ।
ਵਿਧਾਇਕਾਂ ਨੇ ਕਿਹਾ ਕਿ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਸਫਲ ਬਣਾਉਣ ਲਈ ਜ਼ਰੂਰੀ ਹੈ ਕਿ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ ਜਾਵੇ। ਇਨ੍ਹਾਂ ਖੇਡ ਮੈਦਾਨਾਂ ਦੇ ਬਣਨ ਨਾਲ ਪਿੰਡਾਂ ਦੇ ਨੌਜਵਾਨਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਇੱਕ ਵਧੀਆ ਪਲੇਟਫਾਰਮ ਮਿਲੇਗਾ ਅਤੇ ਉਹ ਸਿਹਤਮੰਦ ਜੀਵਨ ਸ਼ੈਲੀ ਅਪਣਾਉਣਗੇ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਮੈਦਾਨਾਂ ਵਿੱਚ ਵਾਲੀਬਾਲ, ਫੁੱਟਬਾਲ, ਕ੍ਰਿਕਟ, ਕਬੱਡੀ ਅਤੇ ਐਥਲੈਟਿਕਸ ਵਰਗੀਆਂ ਖੇਡਾਂ ਲਈ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਸਰਕਾਰ ਵੱਲੋਂ ਜਲਦੀ ਹੀ ਹੋਰ ਪਿੰਡਾਂ ਵਿੱਚ ਵੀ ਅਜਿਹੇ ਮਾਡਲ ਖੇਡ ਮੈਦਾਨ ਵਿਕਸਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਵਲੋਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਸੂਬੇ ਅੰਦਰ ਉਸਾਰੇ ਜਾ ਰਹੇ 3100 ਖੇਡ ਸਟੇਡੀਅਮ ਨੌਜਵਾਨਾਂ, ਖਿਡਾਰੀ ਤੇ ਖੇਡ ਪ੍ਰੇਮੀਆਂ ਨੂੰ ਸਮਰਪਿਤ ਕੀਤੇ ਜਾ ਰਹੇ ਹਨ।
ਇਸ ਮੌਕੇ ਹਲਕਾ ਇੰਚਾਰਜ ਜਸਪ੍ਰੀਤ ਸਿੰਘ ਰੋਬੀ ਕੰਗ ਨੇ ਕਿਹਾ ਕਿ ਖੇਡ ਮੈਦਾਨ ਨੌਜਵਾਨਾਂ ਲਈ ਖੇਡਾਂ ਵਿੱਚ ਰੁਚੀ ਵਧਾਉਣਗੇ ਅਤੇ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਖੇਡਾਂ ਨਾਲ ਜੋੜਨਗੇ।
ਇਸ ਮੌਕੇ ਤੇ ਪਿੰਡ ਵਾਸੀਆਂ, ਸਰਪੰਚਾਂ, ਪੰਚਾਂ ਅਤੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਇਸ ਉਪਰਾਲੇ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ


