ਈਮੇਲ ਰਾਹੀਂ PM ਮੋਦੀ ਨੂੰ ਵੀ ਦਿੱਤੀ ਧਮਕੀ; ਜਲੰਧਰ ਦੇ ਡੇਰਾ ਬੱਲਾਂ ਦੌਰੇ ‘ਤੇ ਮੰਡਰਾਇਆ ਖ਼ਤਰਾ

ਚੰਡੀਗੜ੍ਹ: ਸਿਟੀ ਬਿਊਟੀਫੁੱਲ ਚੰਡੀਗੜ੍ਹ ਅੱਜ ਉਸ ਸਮੇਂ ਦਹਿਸ਼ਤ ਨਾਲ ਕੰਬ ਗਿਆ ਜਦੋਂ ਸ਼ਹਿਰ ਦੇ ਲਗਭਗ 30 ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਇਸ ਸਨਸਨੀਖੇਜ਼ ਈਮੇਲ ਨੇ ਨਾ ਸਿਰਫ਼ ਸਕੂਲਾਂ ਸਗੋਂ ਸੁਰੱਖਿਆ ਏਜੰਸੀਆਂ ਦੀ ਵੀ ਨੀਂਦ ਉਡਾ ਦਿੱਤੀ ਹੈ, ਕਿਉਂਕਿ ਇਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਉਣ ਦਾ ਵੀ ਜ਼ਿਕਰ ਕੀਤਾ ਗਿਆ ਹੈ

ਪ੍ਰਧਾਨ ਮੰਤਰੀ ਮੋਦੀ ਟਾਰਗੇਟ ‘ਤੇ: ਡੇਰਾ ਬੱਲਾਂ ਦੌਰੇ ਦਾ ਜ਼ਿਕਰ
ਮਿਲੀ ਜਾਣਕਾਰੀ ਅਨੁਸਾਰ, ਸਕੂਲਾਂ ਨੂੰ ਭੇਜੀ ਗਈ ਈਮੇਲ ਵਿੱਚ ਲਿਖਿਆ ਗਿਆ ਹੈ ਕਿ 1 ਫਰਵਰੀ ਨੂੰ ਜਲੰਧਰ ਦੇ ਡੇਰਾ ਬੱਲਾਂ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਦੇ ਨਿਸ਼ਾਨੇ ‘ਤੇ ਹਨ। ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਦਾ ਉਸੇ ਦਿਨ ਡੇਰਾ ਬੱਲਾਂ ਵਿਖੇ ਨਤਮਸਤਕ ਹੋਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਇਸ ਧਮਕੀ ਤੋਂ ਬਾਅਦ ਪੂਰੇ ਪੰਜਾਬ ਅਤੇ ਚੰਡੀਗੜ੍ਹ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ

ਸਕੂਲਾਂ ਵਿੱਚ ਮਚੀ ਹਾਹਾਕਾਰ, ਬੱਚੇ ਸੁਰੱਖਿਅਤ ਘਰ ਭੇਜੇ
ਧਮਕੀ ਮਿਲਣ ਸਾਰ ਹੀ ਚੰਡੀਗੜ੍ਹ ਪ੍ਰਸ਼ਾਸਨ ਅਤੇ ਪੁਲਿਸ ਹਰਕਤ ਵਿੱਚ ਆ ਗਈ:

ਸਕੂਲ ਕੀਤੇ ਗਏ ਬੰਦ: ਸਾਵਧਾਨੀ ਦੇ ਤੌਰ ‘ਤੇ ਜ਼ਿਆਦਾਤਰ ਸਕੂਲਾਂ ਵਿੱਚ ਛੁੱਟੀ ਕਰ ਦਿੱਤੀ ਗਈ ਅਤੇ ਬੱਚਿਆਂ ਨੂੰ ਤੁਰੰਤ ਸੁਰੱਖਿਅਤ ਘਰ ਭੇਜ ਦਿੱਤਾ ਗਿਆ।

ਸਰਚ ਆਪ੍ਰੇਸ਼ਨ: ਚੰਡੀਗੜ੍ਹ ਦੀ SSP ਕੰਵਰਦੀਪ ਕੌਰ ਦੀ ਅਗਵਾਈ ਹੇਠ ਬੰਬ ਸਕੁਐਡ ਅਤੇ ਸੁਰੱਖਿਆ ਏਜੰਸੀਆਂ ਨੇ ਸਕੂਲਾਂ ਦੀ ਤਲਾਸ਼ੀ ਲਈ।

ਹੁਣ ਤੱਕ ਦੀ ਜਾਂਚ: SSP ਨੇ ਦੱਸਿਆ ਕਿ ਦੁਪਹਿਰ 12 ਵਜੇ ਤੱਕ 30 ਸਕੂਲਾਂ ਨੂੰ ਧਮਕੀ ਮਿਲੀ ਸੀ, ਜਿਨ੍ਹਾਂ ਵਿੱਚੋਂ 10 ਸਕੂਲਾਂ ਦੀ ਮੁਕੰਮਲ ਜਾਂਚ ਕੀਤੀ ਜਾ ਚੁੱਕੀ ਹੈ ਅਤੇ ਹੁਣ ਤੱਕ ਕੋਈ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ

ਸਾਈਬਰ ਸੈੱਲ ਵਲੋਂ ਈਮੇਲ ਦੀ ਜਾਂਚ
ਪੁਲਿਸ ਵੱਲੋਂ ਸੈਕਟਰ-17 ਦੇ ਥਾਣੇ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ। ਸਾਈਬਰ ਮਾਹਿਰ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਹ ਈਮੇਲ ਕਿਸ IP Address ਤੋਂ ਅਤੇ ਕਿਸ ਮਕਸਦ ਲਈ ਭੇਜੀ ਗਈ ਸੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕਿਸੇ ਦੀ ਸ਼ਰਾਰਤ ਵੀ ਹੋ ਸਕਦੀ ਹੈ, ਪਰ ਪ੍ਰਧਾਨ ਮੰਤਰੀ ਦੀ ਸੁਰੱਖਿਆ ਨਾਲ ਜੁੜਿਆ ਮਾਮਲਾ ਹੋਣ ਕਰਕੇ ਕੋਈ ਵੀ ਢਿੱਲ ਨਹੀਂ ਵਰਤੀ ਜਾ ਰਹੀ।

ਅਪੀਲ: ਪੁਲਿਸ ਨੇ ਲੋਕਾਂ ਨੂੰ ਅਫ਼ਵਾਹਾਂ ਤੋਂ ਬਚਣ ਅਤੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਸਾਰੇ ਪ੍ਰਮੁੱਖ ਸਕੂਲਾਂ ਅਤੇ ਜਨਤਕ ਥਾਵਾਂ ‘ਤੇ ਸੁਰੱਖਿਆ ਘੇਰਾ ਸਖ਼ਤ ਕਰ ਦਿੱਤਾ ਗਿਆ ਹੈ

#DeraBallannews #PmModiatderaballan