ਰਾਜਾ ਵੜਿੰਗ ਦੇ ’12 ਪੰਜੇ 48′ ਵਾਲੇ ਬਿਆਨ ‘ਤੇ ਹੁਣ ਬਣਿਆ ਗਾਣਾ; ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਇੱਕ ਪੁਰਾਣੇ ਬਿਆਨ ਨੇ ਸੋਸ਼ਲ ਮੀਡੀਆ ‘ਤੇ ਮੁੜ ਹਲਚਲ ਮਚਾ ਦਿੱਤੀ ਹੈ। ਜਨਵਰੀ ਮਹੀਨੇ ਵਿੱਚ ਰਾਜਾ ਵੜਿੰਗ ਵੱਲੋਂ ਗਣਿਤ (Math) ਨੂੰ ਲੈ ਕੇ ਕੀਤੀ ਗਈ ਇੱਕ ਗਲਤੀ ‘ਤੇ ਪਹਿਲਾਂ ਮੀਮਜ਼ (Memes) ਬਣੇ ਸਨ, ਪਰ ਹੁਣ ਲੁਧਿਆਣਾ ਦੇ ਗਾਇਕ ਪਿੰਦੂ ਸ਼ਾਹ ਨੇ ਇਸ ‘ਤੇ ਇੱਕ ਵਿਅੰਗਮਈ ਗਾਣਾ ਰਿਲੀਜ਼ ਕਰ ਦਿੱਤਾ ਹੈ।

ਕੀ ਹੈ ਪੂਰਾ ਮਾਮਲਾ?
ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਬਲਾਚੌਰ ਰੈਲੀ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਦਿਆਂ ਰਾਜਾ ਵੜਿੰਗ ਦੀ ਜ਼ਬਾਨ ਫਿਸਲ ਗਈ ਸੀ। ਔਰਤਾਂ ਨੂੰ ਮਿਲਣ ਵਾਲੇ 1000 ਰੁਪਏ ਦੇ ਬਕਾਏ ਦਾ ਹਿਸਾਬ ਲਗਾਉਂਦੇ ਹੋਏ ਉਨ੍ਹਾਂ ਨੇ ’12 ਗੁਣਾ 5′ (12×5) ਨੂੰ 60 ਦੀ ਬਜਾਏ 48 ਦੱਸ ਦਿੱਤਾ ਸੀ। ਹਾਲਾਂਕਿ ਇਹ ਇੱਕ ਮਾਨਵੀ ਗਲਤੀ ਸੀ, ਪਰ ਵਿਰੋਧੀਆਂ ਅਤੇ ਸੋਸ਼ਲ ਮੀਡੀਆ ਯੂਜ਼ਰਸ ਨੇ ਇਸ ਨੂੰ ਖੂਬ ਉਛਾਲਿਆ।

ਗਾਣੇ ਰਾਹੀਂ ਕੱਸਿਆ ਤੰਜ਼
ਲੁਧਿਆਣਾ ਦੇ ਡਿਊਟ ਸਿੰਗਰ ਪਿੰਦੂ ਸ਼ਾਹ ਰਾਜੋਵਾਲੀਆ ਨੇ ‘12×5=48’ ਟਾਈਟਲ ਹੇਠ ਇਹ ਗੀਤ ਰਿਲੀਜ਼ ਕੀਤਾ ਹੈ। ਇਸ ਗੀਤ ਵਿੱਚ ਉਨ੍ਹਾਂ ਨੇ ਰਾਜਾ ਵੜਿੰਗ ਅਤੇ ਬਿਨਾਂ ਸੋਚੇ-ਸਮਝੇ ਬੋਲਣ ਵਾਲੇ ਲੋਕਾਂ ‘ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਗੀਤ ਦੇ ਬੋਲ ਕੁਝ ਇਸ ਤਰ੍ਹਾਂ ਹਨ:

ਫੀਮੇਲ ਸਿੰਗਰ: “ਤੂੰ ਫੜ ਕਰਪਾਨਾਂ ਅੱਕਾਂ ਦੇ ਟੂਸੇ ਵੱਢੀ ਜਾਨਾ ਵੇ, ਤੂੰ ਬਿਨ ਸੋਚੇ ਸਮਝੇ ਮੂੰਹ ਚੋਂ ਗੱਲਾਂ ਕੱਢੀ ਜਾਨਾ ਵੇ।”

ਮੇਲ ਸਿੰਗਰ (ਪਿੰਦੂ ਸ਼ਾਹ): “ਜੋ ਮਰਜ਼ੀ ਪੁੱਛ ਲੈ, ਸੁਰਤ ਮੈਨੂੰ ਗੱਲ ਕੱਲੀ-ਕੱਲੀ ਦੀ… ਮੈਂ ਪੀਤੀ ਖਾਦੀ ਵਿੱਚ 12 ਪਾਂਜੇ 48 ਨੀਂ ਕਹਿੰਦਾ।

2 ਦਿਨਾਂ ‘ਚ ਮਿਲੇ ਹਜ਼ਾਰਾਂ ਵਿਊਜ਼
ਪਿੰਦੂ ਸ਼ਾਹ ਨੇ ਇਹ ਗੀਤ ਆਪਣੇ ਯੂਟਿਊਬ ਚੈਨਲ ‘ਤੇ ਅਪਲੋਡ ਕੀਤਾ ਹੈ। ਰਾਜਾ ਵੜਿੰਗ ਦੇ ਬਿਆਨ ਨਾਲ ਜੁੜੇ ਹੋਣ ਕਾਰਨ ਇਹ ਗੀਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਮਹਿਜ਼ 2 ਦਿਨਾਂ ਵਿੱਚ ਹੀ ਇਸ ਨੂੰ 50 ਹਜ਼ਾਰ ਦੇ ਕਰੀਬ ਵਿਊਜ਼ ਮਿਲ ਚੁੱਕੇ ਹਨ। ਇਸ ਗੀਤ ਨੂੰ ਪਿੰਦੂ ਸ਼ਾਹ ਅਤੇ ਮਨਤਾਜ ਖਾਨ ਨੇ ਗਾਇਆ ਹੈ, ਜਦਕਿ ਇਸ ਦੇ ਬੋਲ ਪਿੰਦੂ ਸ਼ਾਹ ਅਤੇ ਰਾਜ ਜੋਧਪੁਰ ਨੇ ਲਿਖੇ ਹਨ।

ਪਿੰਦੂ ਸ਼ਾਹ ਦਾ ਅੰਦਾਜ਼
ਗਾਇਕ ਨੇ ਗੀਤ ਰਾਹੀਂ ਸਫਾਈ ਦਿੱਤੀ ਹੈ ਕਿ ਭਾਵੇਂ ਉਹ ਮਜ਼ਾਕੀਆ ਜਾਂ ਨਸ਼ੇ ਦੀ ਹਾਲਤ ਵਿੱਚ ਹੋਣ ਦਾ ਨਾਟਕ ਕਰੇ, ਪਰ ਉਹ ਆਪਣੀ ਯਾਦਦਾਸ਼ਤ ਅਤੇ ਗਣਿਤ ‘ਤੇ ਮਾਣ ਕਰਦਾ ਹੈ ਅਤੇ ਅਜਿਹੀਆਂ ਗਲਤੀਆਂ ਨਹੀਂ ਕਰਦਾ। ਪਿੰਦੂ ਸ਼ਾਹ ਪਹਿਲਾਂ ਵੀ ਪੰਜਾਬੀ ਸੱਭਿਆਚਾਰ ਅਤੇ ਸਮਾਜਿਕ ਮੁੱਦਿਆਂ ‘ਤੇ ਵਿਅੰਗਮਈ ਗੀਤ ਗਾਉਣ ਲਈ ਜਾਣੇ ਜਾਂਦੇ ਹਨ।