ਚੰਡੀਗੜ੍ਹ: ਪੰਜਾਬ ਦੀ ਸਿਆਸਤ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਮੁੜ ਗਠਜੋੜ ਦੀਆਂ ਚਰਚਾਵਾਂ ਦਰਮਿਆਨ ਭਾਜਪਾ ਦੇ ਸੀਨੀਅਰ ਆਗੂ ਅਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸਖ਼ਤ ਰੁਖ਼ ਅਖਤਿਆਰ ਕੀਤਾ ਹੈ। ਬਿੱਟੂ ਨੇ ਅਕਾਲੀ ਦਲ ‘ਤੇ ਤਿੱਖਾ ਹਮਲਾ ਕਰਦਿਆਂ ਸਾਫ਼ ਕਰ ਦਿੱਤਾ ਹੈ ਕਿ ਪੁਰਾਣੇ ਸਹਿਯੋਗੀਆਂ ਨਾਲ ਗਠਜੋੜ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ
“ਜੇ ਕੱਲ੍ਹ ਨੂੰ ਕੋਈ ਚਿੱਟਾ ਵੇਚਣ ਲੱਗ ਪਿਆ ਤਾਂ ਜ਼ਿੰਮੇਵਾਰ ਕੌਣ?”
ਰਵਨੀਤ ਬਿੱਟੂ ਨੇ ਪੰਜਾਬ ਦੇ ਸਭ ਤੋਂ ਗੰਭੀਰ ਮੁੱਦੇ ‘ਨਸ਼ੇ’ ਨੂੰ ਲੈ ਕੇ ਅਕਾਲੀ ਦਲ ‘ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਗਠਜੋੜ ਬਾਰੇ ਸੋਚਣਾ ਵੀ ਮੁਸ਼ਕਲ ਹੈ ਕਿਉਂਕਿ ਪਿਛਲੇ ਤਜਰਬੇ ਬਹੁਤ ਚਿੰਤਾਜਨਕ ਰਹੇ ਹਨ। ਉਨ੍ਹਾਂ ਸਿੱਧਾ ਸਵਾਲ ਕੀਤਾ, “ਜੇਕਰ ਗਠਜੋੜ ਤੋਂ ਬਾਅਦ ਕੱਲ੍ਹ ਨੂੰ ਕੋਈ ਫਿਰ ਤੋਂ ਚਿੱਟਾ ਵੇਚਣ ਲੱਗ ਪਿਆ, ਤਾਂ ਉਸ ਦੀ ਜ਼ਿੰਮੇਵਾਰੀ ਕੌਣ ਲਵੇਗਾ?” ਉਨ੍ਹਾਂ ਅੱਗੇ ਕਿਹਾ ਕਿ ਗੈਂਗਸਟਰਵਾਦ ਨੂੰ ਮਿਲਣ ਵਾਲੀ ਸ਼ਹਿ ਵੀ ਸੂਬੇ ਲਈ ਵੱਡਾ ਖ਼ਤਰਾ ਹੈ
ਪ੍ਰਧਾਨ ਮੰਤਰੀ ਮੋਦੀ ਦੇ ਮਾਡਲ ‘ਤੇ ਦਿੱਤਾ ਜ਼ੋਰ
ਬਿੱਟੂ ਨੇ ਕਿਹਾ ਕਿ ਜੇਕਰ ਪੰਜਾਬ ਵਿੱਚ ਵਿਕਾਸ ਕਰਨਾ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਲੋਕ-ਪੱਖੀ ਮਾਡਲ ਲਾਗੂ ਕਰਨਾ ਹੈ, ਤਾਂ ਉਸ ਲਈ ਸੂਬੇ ਵਿੱਚ ਭਾਜਪਾ ਦੀ ਆਪਣੀ ਸੁਤੰਤਰ ਸਰਕਾਰ ਹੋਣੀ ਲਾਜ਼ਮੀ ਹੈ। ਉਨ੍ਹਾਂ ਮੁਤਾਬਕ, ਭਾਜਪਾ ਹੁਣ ਪੰਜਾਬ ਵਿੱਚ ਇੱਕ ਮਜ਼ਬੂਤ ਸ਼ਕਤੀ ਵਜੋਂ ਉੱਭਰ ਰਹੀ ਹੈ ਅਤੇ ਪਾਰਟੀ ਨੂੰ ਕਿਸੇ ਦੇ ਸਹਾਰੇ ਦੀ ਲੋੜ ਨਹੀਂ ਹੈ
ਗਠਜੋੜ ਦੀਆਂ ਅਫਵਾਹਾਂ ‘ਤੇ ਲਗਾਇਆ ਵਿਰਾਮ
ਪਿਛਲੇ ਕਈ ਦਿਨਾਂ ਤੋਂ ਸਿਆਸੀ ਹਲਕਿਆਂ ਵਿੱਚ ਇਹ ਚਰਚਾ ਸੀ ਕਿ 2027 ਦੀਆਂ ਚੋਣਾਂ ਲਈ ਦੋਵੇਂ ਪੁਰਾਣੀਆਂ ਪਾਰਟੀਆਂ ਮੁੜ ਇੱਕਜੁੱਟ ਹੋ ਸਕਦੀਆਂ ਹਨ। ਪਰ ਬਿੱਟੂ ਦੇ ਇਸ ਬਿਆਨ ਨੇ ਇਨ੍ਹਾਂ ਅਫਵਾਹਾਂ ‘ਤੇ ਪੂਰੀ ਤਰ੍ਹਾਂ ਵਿਰਾਮ ਲਗਾ ਦਿੱਤਾ ਹੈ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਪੁਰਾਣੇ ਸਾਥੀਆਂ ਨਾਲ ਮੁੜ ਹੱਥ ਮਿਲਾਉਣ ਦਾ ਹੁਣ ਕੋਈ ਮਤਲਬ ਨਹੀਂ ਰਹਿ ਗਿਆ
RavneetBittu #PunjabPolitics #SAD #BJP #AkaliDal #DrugFreePunjab #PunjabElection2027 #NarendraModi #SunilJakhar #BreakingNewsPunjab #Gangsterism #PunjabNews #SADBJPAlliance #PoliticalWar #GoogleNews #GoogleViralNews #GoogleTrendingNews
