ਮੋਗਾ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਮੋਗਾ ਦੀ ‘ਬਦਲਾਅ ਰੈਲੀ’ ਰਾਹੀਂ ਪੰਜਾਬ ਦੀ ਸਿਆਸਤ ਵਿੱਚ ਨਵਾਂ ਭੂਚਾਲ ਲਿਆ ਦਿੱਤਾ ਹੈ। ਸ਼ਾਹ ਨੇ ਸਪੱਸ਼ਟ ਕਰ ਦਿੱਤਾ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਹੁਣ ‘ਛੋਟੇ ਭਰਾ’ ਵਜੋਂ ਨਹੀਂ, ਸਗੋਂ ਇਕੱਲੇ ਆਪਣੇ ਦਮ ‘ਤੇ ਮੈਦਾਨ ਵਿੱਚ ਉਤਰੇਗੀ ਅਤੇ ਸੂਬੇ ਵਿੱਚ ਸਰਕਾਰ ਬਣਾਏਗੀ
ਅਕਾਲੀ ਦਲ ਨਾਲ ਗੱਠਜੋੜ ਦੀਆਂ ਅਟਕਲਾਂ ਨੂੰ ਲਗਾਇਆ ਵਿਰਾਮ
ਅਮਿਤ ਸ਼ਾਹ ਦੇ ਇਸ ਐਲਾਨ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਮੁੜ ਗੱਠਜੋੜ ਦੀਆਂ ਚੱਲ ਰਹੀਆਂ ਸਾਰੀਆਂ ਚਰਚਾਵਾਂ ਨੂੰ ਖ਼ਤਮ ਕਰ ਦਿੱਤਾ ਹੈ। ਸ਼ਾਹ ਨੇ ਕਿਹਾ ਕਿ ਜੇਕਰ ਕੋਈ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢ ਸਕਦਾ ਹੈ, ਤਾਂ ਉਹ ਸਿਰਫ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਨ।
“ਮੈਂ ਐਲਾਨ ਕਰਦਾ ਹਾਂ ਕਿ 2027 ਵਿੱਚ ਭਾਜਪਾ ਆਪਣੀ ਸਰਕਾਰ ਬਣਾਉਣ ਲਈ ਲੜੇਗੀ। ਜੇਕਰ ਸੂਬੇ ਵਿੱਚ ਭਾਜਪਾ ਦੀ ਸਰਕਾਰ ਬਣਦੀ ਹੈ, ਤਾਂ ਅਸੀਂ ਅਗਲੇ 2 ਸਾਲਾਂ ਵਿੱਚ ਪੂਰੇ ਪੰਜਾਬ ਨੂੰ ਨਸ਼ਾ ਮੁਕਤ ਕਰ ਦੇਵਾਂਗੇ।” – ਅਮਿਤ ਸ਼ਾਹ
ਸੁਖਬੀਰ ਸਿੰਘ ਬਾਦਲ ਦਾ ਜਵਾਬ: “ਸਾਡੇ ਲਈ ਅਸੂਲ ਪਹਿਲਾਂ ਹਨ”
ਭਾਜਪਾ ਦੇ ਇਕੱਲੇ ਚੋਣ ਲੜਨ ਦੇ ਫੈਸਲੇ ‘ਤੇ ਪ੍ਰਤੀਕਿਰਿਆ ਦਿੰਦਿਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ:
“ਉਨ੍ਹਾਂ (ਭਾਜਪਾ) ਦਾ ਸਵਾਗਤ ਹੈ, ਹਰ ਪਾਰਟੀ ਨੂੰ ਆਪਣੇ ਫੈਸਲੇ ਲੈਣ ਦਾ ਹੱਕ ਹੈ। ਅਸੀਂ ਤਾਂ ਪਾਰਲੀਮੈਂਟ ਵਿੱਚ ਵੀ ਇਕੱਲੇ ਲੜੇ ਸੀ। ਅਕਾਲੀ ਦਲ ਇੱਕ ਅਸੂਲੀ ਪਾਰਟੀ ਹੈ, ਸਾਡੇ ਲਈ ਪੰਜਾਬ ਦੇ ਲੋਕਾਂ ਦੀਆਂ ਮੰਗਾਂ ਰਾਜ ਕਰਨ ਨਾਲੋਂ ਵੱਧ ਜ਼ਰੂਰੀ ਹਨ।”
ਰਵਨੀਤ ਬਿੱਟੂ ਅਤੇ ਅਸ਼ਵਨੀ ਸ਼ਰਮਾ ਨੇ ਵੀ ਸਾਧੇ ਨਿਸ਼ਾਨੇ
ਰੈਲੀ ਦੌਰਾਨ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਪੰਜਾਬ ਨੂੰ ਹੁਣ ‘ਡਬਲ ਇੰਜਣ’ ਸਰਕਾਰ ਦੀ ਲੋੜ ਹੈ ਤਾਂ ਜੋ ਆਰਥਿਕ ਕੰਗਾਲੀ ਤੋਂ ਬਚਿਆ ਜਾ ਸਕੇ। ਸੂਬਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਭਾਵੁਕ ਹੁੰਦਿਆਂ ਕਿਹਾ ਕਿ ਪੰਜਾਬ ਦਾ ਨੌਜਵਾਨ, ਜੋ ਕਦੇ ਖੇਤਾਂ ਦੀ ਸ਼ਾਨ ਹੁੰਦਾ ਸੀ, ਅੱਜ ਨਸ਼ਿਆਂ ਕਾਰਨ ਨਾਲੀਆਂ ਵਿੱਚ ਦਮ ਤੋੜ ਰਿਹਾ ਹੈ, ਜਿਸ ਲਈ ਮੌਜੂਦਾ ਸਰਕਾਰ ਜ਼ਿੰਮੇਵਾਰ ਹੈ

