ਅੰਮ੍ਰਿਤਸਰ ਵਿੱਚ ਆਜ਼ਾਦੀ ਦਿਹਾੜੇ (15 ਅਗਸਤ) ਤੋਂ ਪਹਿਲਾਂ ਵੱਡੀ ਦਹਿਸ਼ਤ ਫੈਲਾਉਣ ਦੀ ਸਾਜ਼ ਸਾਹਮਣੇ ਆਈ ਹੈ। ਸ਼ਹਿਰ ਦੇ ਤਿੰਨ ਪ੍ਰਮੁੱਖ ਥਾਣਿਆਂ—ਥਾਣਾ ਬੀ ਡਿਵੀਜ਼ਨ, ਸੀ ਡਿਵੀਜ਼ਨ ਅਤੇ ਏਅਰਪੋਰਟ ਥਾਣੇ ਨੂੰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਇਸ ਧਮਕੀ ਭਰੇ ਸੁਨੇਹੇ ਵਿੱਚ ਰੇਲਵੇ ਟਰੈਕਾਂ ਅਤੇ ਹੋਰ ਮਹੱਤਵਪੂਰਨ ਸਥਾਨਾਂ ਨੂੰ ਵੀ ਨਿਸ਼ਾਨਾ ਬਣਾਉਣ ਦੀ ਚੇਤਾਵਨੀ ਦਿੱਤੀ ਗਈ ਹੈ।
ਘਟਨਾ ਦੀ ਗੰਭੀਰਤਾ ਨੂੰ ਵੇਖਦਿਆਂ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਅਲਰਟ ਹੋ ਗਈਆਂ ਹਨ। ਸਾਈਬਰ ਸੈੱਲ ਦੀਆਂ ਤਕਨੀਕੀ ਟੀਮਾਂ ਵੱਲੋਂ ਧਮਕੀ ਭੇਜਣ ਵਾਲੀ ਈਮੇਲ ਦਾ ਆਈ.ਪੀ. ਐਡਰੈਸ ਅਤੇ ਸਰੋਤ ਟਰੈਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ 15 ਅਗਸਤ ਦੇ ਮੱਦੇਨਜ਼ਰ ਅੰਮ੍ਰਿਤਸਰ ਸਮੇਤ ਪੂਰੇ ਸੂਬੇ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਜ਼ਿਆਦਾ ਸਖ਼ਤ ਕਰ ਦਿੱਤਾ ਗਿਆ ਹੈ।
