ਇਲੈਕਟ੍ਰਿਕ ਗੱਡੀ ਦੀ ਚਾਰਜਿੰਗ ਦੌਰਾਨ ਹੋਇਆ ਵੱਡਾ ਧਮਾਕਾ, ਇਕੋ ਪਰਿਵਾਰ ਦੇ 8 ਲੋਕਾਂ ਦੀ ਮੌਤ

ਇੰਦੌਰ: ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਦੇ ਬ੍ਰਿਜੇਸ਼ਵਰੀ ਐਨੇਕਸ ਰਿਹਾਇਸ਼ੀ ਇਲਾਕੇ ਵਿੱਚ ਇੱਕ ਭਿਆਨਕ ਅੱਗ ਲੱਗਣ ਕਾਰਨ ਇੱਕੋ ਪਰਿਵਾਰ ਦੇ ਮੈਂਬਰਾਂ ਸਮੇਤ ਅੱਠ ਲੋਕਾਂ ਦੀ ਮੌਤ ਹੋਣ ਦੀ ਦਰਦਨਾਕ ਖ਼ਬਰ ਸਾਹਮਣੇ ਆਈ ਹੈ। ਇਹ ਹਾਦਸਾ ਇੱਕ ਇਲੈਕਟ੍ਰਿਕ ਵਾਹਨ ਦੇ ਚਾਰਜਿੰਗ ਪੁਆਇੰਟ ਵਿੱਚ ਹੋਏ ਧਮਾਕੇ ਕਾਰਨ ਵਾਪਰਿਆ। ਪੁਲਿਸ ਅਨੁਸਾਰ ਘਰ ਦੇ ਬਾਹਰ ਚਾਰਜ ਹੋ ਰਹੀ ਇੱਕ ਇਲੈਕਟ੍ਰਿਕ ਗੱਡੀ ਦੇ ਚਾਰਜਿੰਗ ਪੁਆਇੰਟ ਵਿੱਚ ਅਚਾਨਕ ਧਮਾਕਾ ਹੋ ਗਿਆ।

ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਇਸ ਨੇ ਜਲਦੀ ਹੀ ਪੂਰੇ ਘਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਹਾਦਸੇ ਵਿੱਚ 8 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 3 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਘਰ ਦੇ ਮਾਲਕ ਮਨੋਜ ਪੁਗਲੀਆ, ਜੋ ਪੌਲੀਮਰ ਦੇ ਕਾਰੋਬਾਰੀ ਹਨ, ਦੇ ਨਿਵਾਸ ਵਿੱਚ 10 ਤੋਂ ਵੱਧ ਗੈਸ ਸਿਲੰਡਰ ਮੌਜੂਦ ਸਨ। ਅੱਗ ਲੱਗਣ ਕਾਰਨ ਇਨ੍ਹਾਂ ਵਿੱਚੋਂ ਕੁਝ ਸਿਲੰਡਰ ਫੱਟ ਗਏ, ਜਿਸ ਨਾਲ ਹਾਲਾਤ ਹੋਰ ਵੀ ਗੰਭੀਰ ਹੋ ਗਏ।

ਪੁਲਿਸ ਦਾ ਬਿਆਨ

ਇੰਦੌਰ ਦੇ ਪੁਲਿਸ ਕਮਿਸ਼ਨਰ ਸੰਤੋਸ਼ ਕੁਮਾਰ ਸਿੰਘ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਘਰ ਵਿੱਚ ਪੌਲੀਮਰ ਕਾਰੋਬਾਰ ਨਾਲ ਸਬੰਧਤ ਬਹੁਤ ਹੀ ਜਲਣਸ਼ੀਲ ਕੈਮੀਕਲ ਰੱਖੇ ਹੋਏ ਸਨ। ਇਸ ਕਾਰਨ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਅੰਦਰ ਮੌਜੂਦ ਲੋਕਾਂ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਿਆ।