ਕਰਜ਼ਾ ਚੱਕ ਅਮਰੀਕਾ ਗਏ ਪੰਜਾਬੀ ਨੌਜਵਾਨ ਨਾਲ ਵਾਪਰੀ ਆਹ ਵੱਡੀ ਘਟਨਾ

(ਪਟਿਆਲਾ): ਸਮਾਣਾ ਦੇ ਨੇੜਲੇ ਪਿੰਡ ਫਤਿਹਪੁਰ ਦੇ ਇੱਕ ਨੌਜਵਾਨ ਦੀ ਅਮਰੀਕਾ ਵਿੱਚ ਗੋਲੀ ਲੱਗਣ ਕਾਰਨ ਦਰਦਨਾਕ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਛਾਣ ਗੁਰਦਾਸ ਸਿੰਘ ਵਜੋਂ ਹੋਈ ਹੈ। ਇਸ ਘਟਨਾ ਤੋਂ ਬਾਅਦ ਜਿੱਥੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ, ਉੱਥੇ ਹੀ ਪੂਰੇ ਪਿੰਡ ਵਿੱਚ ਮਾਤਮ ਦਾ ਮਾਹੌਲ ਬਣਿਆ ਹੋਇਆ ਹੈ।

ਘਟਨਾ ਦਾ ਵੇਰਵਾ

ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਗੁਰਦਾਸ ਸਿੰਘ ਅਮਰੀਕਾ ਵਿੱਚ ਇੱਕ ਪਾਰਕਿੰਗ ਵਿੱਚ ਆਪਣੀ ਗੱਡੀ ਅੰਦਰ ਬੈਠਾ ਸੀ। ਇਸੇ ਦੌਰਾਨ ਅਚਾਨਕ ਗੋਲੀ ਚੱਲੀ, ਜੋ ਗੁਰਦਾਸ ਨੂੰ ਲੱਗੀ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਮੰਦਭਾਗੀ ਖ਼ਬਰ ਦੀ ਜਾਣਕਾਰੀ ਮ੍ਰਿਤਕ ਦੇ ਤਾਇਆ ਦੇ ਪੁੱਤਰ ਨੇ ਫੋਨ ਰਾਹੀਂ ਪਰਿਵਾਰ ਨੂੰ ਦਿੱਤੀ।

ਪਰਿਵਾਰ ਦੀਆਂ ਉਮੀਦਾਂ ‘ਤੇ ਫਿਰਿਆ ਪਾਣੀ

ਮ੍ਰਿਤਕ ਦੇ ਪਿਤਾ ਦਵਿੰਦਰ ਸਿੰਘ ਨੇ ਦੱਸਿਆ ਕਿ ਗੁਰਦਾਸ 12ਵੀਂ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਆਪਣੇ ਸੁਪਨੇ ਸਾਕਾਰ ਕਰਨ ਲਈ ਅਮਰੀਕਾ ਗਿਆ ਸੀ। ਪਰਿਵਾਰ ਨੇ ਕਰਜ਼ਾ ਚੁੱਕ ਕੇ ਉਸ ਨੂੰ ਵਿਦੇਸ਼ ਭੇਜਿਆ ਸੀ ਤਾਂ ਜੋ ਘਰ ਦੀ ਆਰਥਿਕ ਹਾਲਤ ਸੁਧਰ ਸਕੇ। ਉਹ ਪਿਛਲੇ 3 ਸਾਲਾਂ ਤੋਂ ਉੱਥੇ ਆਪਣੇ ਰਿਸ਼ਤੇਦਾਰਾਂ ਨਾਲ ਰਹਿ ਰਿਹਾ ਸੀ। ਕੁੱਝ ਦਿਨ ਪਹਿਲਾਂ ਹੀ ਉਸਨੇ ਕੈਨੇਡਾ ਪੜ੍ਹ ਰਹੀ ਆਪਣੀ ਭੈਣ ਦੀ ਫੀਸ ਲਈ 3-4 ਲੱਖ ਰੁਪਏ ਭੇਜੇ ਸਨ।

ਸਰਕਾਰ ਤੋਂ ਮਦਦ ਦੀ ਗੁਹਾਰ

ਪੀੜਤ ਪਰਿਵਾਰ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਜਲਦ ਤੋਂ ਜਲਦ ਭਾਰਤ ਲਿਆਂਦਾ ਜਾਵੇ, ਤਾਂ ਜੋ ਮਾਪੇ ਆਪਣੇ ਹੱਥੀਂ ਉਸ ਦਾ ਅੰਤਿਮ ਸਸਕਾਰ ਕਰ ਸਕਣ ਅਤੇ ਉਸ ਦਾ ਆਖਰੀ ਵਾਰ ਮੂੰਹ ਦੇਖ ਸਕਣ।