ਡੇਰਾਬੱਸੀ ਦੇ ਨੇੜਲੇ ਪਿੰਡ ਬੇਹੜਾ ਵਿੱਚ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕੋ ਗਲੀ-ਮੁਹੱਲੇ ਦੇ 5 ਨਾਬਾਲਗ ਬੱਚੇ ਆਪਣੇ ਪਰਿਵਾਰਾਂ ਨਾਲ ਨਾਰਾਜ਼ ਹੋ ਕੇ ਘਰੋਂ ਚਲੇ ਗਏ। ਇਹ ਮਾਮਲਾ 6 ਜੂਨ ਦੀ ਰਾਤ ਦਾ ਹੈ।
ਅਗਲੀ ਸਵੇਰ ਜਦੋਂ ਪਰਿਵਾਰਾਂ ਦੀ ਅੱਖ ਖੁੱਲ੍ਹੀ, ਤਾਂ ਬੱਚੇ ਘਰੋਂ ਗਾਇਬ ਸਨ। ਲਾਪਤਾ ਹੋਣ ਵਾਲਿਆਂ ਵਿੱਚ ਦੋ ਭੈਣਾਂ ਵੈਸ਼ਨਵੀ (12 ਸਾਲ) ਤੇ ਮਾਨਵੀ (11 ਸਾਲ) ਅਤੇ ਉਨ੍ਹਾਂ ਦੇ ਗੁਆਂਢ ਵਿੱਚ ਰਹਿਣ ਵਾਲੇ ਤਿੰਨ ਲੜਕੇ ਮਨੀਸ਼ ਕੁਮਾਰ (13 ਸਾਲ), ਰੋਬਿਨ (14 ਸਾਲ) ਤੇ ਇਮਰਾਨ (16-17 ਸਾਲ) ਸ਼ਾਮਲ ਹਨ।
ਪੁਲਿਸ ਵੱਲੋਂ ਮਾਮਲਾ ਦਰਜ
ਸ਼ੁਰੂਆਤ ਵਿੱਚ ਲੱਗ ਰਿਹਾ ਸੀ ਕਿ ਬੱਚੇ ਆਪਸ ਵਿੱਚ ਸਲਾਹ ਕਰਕੇ ਕਿਤੇ ਘੁੰਮਣ ਗਏ ਹਨ। ਪਰ ਜਦੋਂ ਉਹ ਕਾਫੀ ਦੇਰ ਤੱਕ ਘਰ ਨਾ ਪਰਤੇ, ਤਾਂ ਪਰਿਵਾਰ ਵਾਲਿਆਂ ਨੇ ਅਗਵਾ ਹੋਣ ਦੇ ਸ਼ੱਕ ਦੇ ਅਧਾਰ ‘ਤੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਬੀ.ਐੱਨ.ਐੱਸ. (BNS) ਦੀ ਧਾਰਾ 127(6) ਦੇ ਤਹਿਤ ਕੇਸ ਨੰਬਰ 246 ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।
ਪੁਲਿਸ ਨੂੰ ਦੇਖ ਕੇ ਬੱਚੇ ਹੋਏ ਫ਼ਰਾਰ
ਇਸ ਮਾਮਲੇ ਵਿੱਚ ਇੱਕ ਨਵਾਂ ਮੋੜ ਉਦੋਂ ਆਇਆ ਜਦੋਂ ਜਾਂਚ ਅਧਿਕਾਰੀ ਏ.ਐੱਸ.ਆਈ. ਮਲਕੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਬੱਚਿਆਂ ਨੂੰ ਹੰਡੇਸਰਾ ਦੇ ਕੋਲ ਲੱਭ ਲਿਆ। ਪਰ ਜਿਵੇਂ ਹੀ ਬੱਚਿਆਂ ਨੇ ਪੁਲਿਸ ਅਤੇ ਆਪਣੇ ਮਾਪਿਆਂ ਨੂੰ ਦੇਖਿਆ, ਉਹ ਡਰ ਗਏ ਅਤੇ ਮੋਟਰਸਾਈਕਲ ਭਜਾ ਕੇ ਉੱਥੋਂ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਏ।
ਕਿਸੇ ਸਾਜ਼ਿਸ਼ ਦਾ ਸ਼ਿਕਾਰ ਨਹੀਂ ਹੋਏ ਬੱਚੇ: ਪੁਲਿਸ
ਪੁਲਿਸ ਦਾ ਬਿਆਨ: ਪੁਲਿਸ ਮੁਤਾਬਕ ਇਹ ਬੱਚੇ ਕਿਸੇ ਸਾਜ਼ਿਸ਼ ਜਾਂ ਅਗਵਾ ਦਾ ਸ਼ਿਕਾਰ ਨਹੀਂ ਹੋਏ ਹਨ, ਬਲਕਿ ਘਰਦਿਆਂ ਨਾਲ ਕਿਸੇ ਗੱਲੋਂ ਨਾਰਾਜ਼ ਹੋ ਕੇ ਖੁਦ ਹੀ ਘਰੋਂ ਨਿਕਲੇ ਹਨ। ਫਿਲਹਾਲ ਪੁਲਿਸ ਦੀਆਂ ਟੀਮਾਂ ਬੱਚਿਆਂ ਨੂੰ ਸੁਰੱਖਿਅਤ ਵਾਪਸ ਲਿਆਉਣ ਲਈ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ।
