ਜਲੰਧਰ/ਮੁਹਾਲੀ: ਮਨੀ ਲਾਂਡਰਿੰਗ ਦੇ ਇੱਕ ਮਾਮਲੇ ਵਿੱਚ ਜਲੰਧਰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਜਾਂਚ ਤੇਜ਼ ਹੋ ਗਈ ਹੈ। ਇਸੇ ਤਹਿਤ ਮੁਹਾਲੀ ਸਥਿਤ ਗਮਾਡਾ (GMADA) ਦੇ ਮੁੱਖ ਪ੍ਰਸ਼ਾਸਕ ਸੰਦੀਪ ਕੁਮਾਰ ਨੂੰ ਈਡੀ ਵੱਲੋਂ ਸੰਮਨ ਭੇਜ ਕੇ ਪੇਸ਼ ਹੋਣ ਲਈ ਕਿਹਾ ਗਿਆ ਸੀ। ਹਾਲਾਂਕਿ, ਤੈਅ ਤਰੀਕ ਮੁਤਾਬਕ ਉਹ ਅੱਜ ਈਡੀ ਦੇ ਦਫ਼ਤਰ ਵਿੱਚ ਖੁਦ ਪੇਸ਼ ਨਹੀਂ ਹੋਏ।
ਗਮਾਡਾ ਦੇ 4 ਅਧਿਕਾਰੀ ਰਿਕਾਰਡ ਸਮੇਤ ਪਹੁੰਚੇ
ਮੁੱਖ ਪ੍ਰਸ਼ਾਸਕ ਸੰਦੀਪ ਕੁਮਾਰ ਭਾਵੇਂ ਖੁਦ ਪੇਸ਼ ਨਹੀਂ ਹੋਏ, ਪਰ ਉਨ੍ਹਾਂ ਦੇ ਸਟਾਫ਼ ਵੱਲੋਂ ਈਡੀ ਨੂੰ ਲੋੜੀਂਦੇ ਦਸਤਾਵੇਜ਼ ਮੁਹੱਈਆ ਕਰਵਾ ਦਿੱਤੇ ਗਏ ਹਨ। ਗਮਾਡਾ ਦੇ ਚਾਰ ਉੱਚ ਅਧਿਕਾਰੀ ਅੱਜ ਰਿਕਾਰਡ ਅਤੇ ਫਾਈਲਾਂ ਲੈ ਕੇ ਜਲੰਧਰ ਸਥਿਤ ਈਡੀ ਦਫ਼ਤਰ ਪਹੁੰਚੇ। ਈਡੀ ਦੇ ਅਧਿਕਾਰੀਆਂ ਨੇ ਇਨ੍ਹਾਂ ਅਫ਼ਸਰਾਂ ਤੋਂ ਸੀ.ਐਲ.ਯੂ. (change of land use) ਨਾਲ ਸਬੰਧਤ ਕਈ ਅਹਿਮ ਵੇਰਵਿਆਂ ਦੀਆਂ ਕਾਪੀਆਂ ਆਪਣੇ ਕਬਜ਼ੇ ਵਿੱਚ ਲੈ ਲਈਆਂ ਹਨ।
ਬਿਲਡਰਾਂ ‘ਤੇ ਹੋਈ ਛਾਪੇਮਾਰੀ ਨਾਲ ਜੁੜੇ ਹਨ ਤਾਰ
ਦੱਸਿਆ ਜਾ ਰਿਹਾ ਹੈ ਕਿ ਈਡੀ ਨੇ ਪਿਛਲੇ ਦਿਨੀਂ ਕੁਝ ਵੱਡੇ ਬਿਲਡਰਾਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਸੀ। ਉਸੇ ਕਾਰਵਾਈ ਨੂੰ ਅੱਗੇ ਵਧਾਉਂਦੇ ਹੋਏ ਈਡੀ ਨੇ ਗਮਾਡਾ ਤੋਂ ਬਿਲਡਰਾਂ ਨੂੰ ਦਿੱਤੀਆਂ ਗਈਆਂ ਸੀ.ਐਲ.ਯੂ. ਮਨਜ਼ੂਰੀਆਂ ਦੇ ਰਿਕਾਰਡ ਦੀ ਮੰਗ ਕੀਤੀ ਸੀ, ਜਿਸ ਦੀ ਜਾਂਚ ਹੁਣ ਬਾਰੀਕੀ ਨਾਲ ਕੀਤੀ ਜਾ ਰਹੀ ਹੈ।
ਪਾਵਰਕੌਮ ਦੇ ਸੀ.ਐਨ.ਡੀ. ਹੁਣ 20 ਤਰੀਕ ਨੂੰ ਹੋਣਗੇ ਪੇਸ਼
ਇਸੇ ਮਾਮਲੇ ਦੀ ਜਾਂਚ ਦੀ ਲਪੇਟ ਵਿੱਚ ਪਾਵਰਕੌਮ ਦੇ ਸੀ.ਐਨ.ਡੀ. ਬਸੰਤ ਗਰਗ ਵੀ ਆ ਰਹੇ ਹਨ। ਉਨ੍ਹਾਂ ਨੇ ਵੀ ਅੱਜ ਹੀ ਈਡੀ ਦੇ ਸਾਹਮਣੇ ਪੇਸ਼ ਹੋਣਾ ਸੀ, ਪਰ ਕਿਸੇ ਕਾਰਨ ਕਰਕੇ ਅੱਜ ਉਨ੍ਹਾਂ ਦੀ ਪੇਸ਼ੀ ਨਹੀਂ ਹੋ ਸਕੀ। ਹੁਣ ਉਹ ਆਉਂਦੀ 20 ਤਰੀਕ ਨੂੰ ਈਡੀ ਦੇ ਸਾਹਮਣੇ ਪੇਸ਼ ਹੋ ਕੇ ਆਪਣਾ ਪੱਖ ਰੱਖਣਗੇ।
