ਆਸਟ੍ਰੇਲੀਆ ਤੋਂ 15 ਭਾਰਤੀਆਂ ਨੂੰ ਵਾਪਸ ਭਾਰਤ ਭੇਜਿਆ (ਡਿਪੋਰਟ ਕੀਤਾ) ਜਾ ਰਿਹਾ ਹੈ। ਇਨ੍ਹਾਂ ਵਿੱਚ ਸਭ ਤੋਂ ਵੱਧ 11 ਨੌਜਵਾਨ ਪੰਜਾਬ ਦੇ ਰਹਿਣ ਵਾਲੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਨੌਜਵਾਨ ਅਧੂਰੇ ਦਸਤਾਵੇਜ਼ਾਂ ਜਾਂ ਹੋਰ ਤਕਨੀਕੀ ਕਾਰਨਾਂ ਕਰਕੇ ਡਿਪੋਰਟ ਕੀਤੇ ਗਏ ਹਨ।
ਸਰਕਾਰ ਦਿੱਲੀ ਹਵਾਈ ਅੱਡੇ ‘ਤੇ ਕਰੇਗੀ ਸਵਾਗਤ
ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਇਹ ਨੌਜਵਾਨ ਕਿਸੇ ਏਜੰਟ ਦੀ ਗਲਤੀ ਕਾਰਨ ਜਾਂ ਕਿਸੇ ਮਜਬੂਰੀ ਕਾਰਨ ਇਸ ਮੁਸੀਬਤ ਵਿੱਚ ਫਸੇ ਹਨ, ਪਰ ਸਰਕਾਰ ਇਨ੍ਹਾਂ ਦੇ ਨਾਲ ਖੜ੍ਹੀ ਹੈ। ਸਰਕਾਰ ਵੱਲੋਂ ਇਨ੍ਹਾਂ 11 ਪੰਜਾਬੀਆਂ (ਜਿਨ੍ਹਾਂ ਵਿੱਚ ਇੱਕ ਔਰਤ ਵੀ ਸ਼ਾਮਿਲ ਹੈ) ਨੂੰ ਦਿੱਲੀ ਏਅਰਪੋਰਟ ‘ਤੇ ਰਿਸੀਵ ਕੀਤਾ ਜਾਵੇਗਾ ਅਤੇ ਕਾਗਜ਼ੀ ਕਾਰਵਾਈ ਵਿੱਚ ਉਨ੍ਹਾਂ ਦੀ ਪੂਰੀ ਮਦਦ ਕੀਤੀ ਜਾਵੇਗੀ।
ਡਿਪੋਰਟ ਹੋਣ ਵਾਲੇ ਵਿਅਕਤੀਆਂ ਦਾ ਵੇਰਵਾ
ਹੁਣ ਤੱਕ ਦੀ ਜਾਣਕਾਰੀ ਅਨੁਸਾਰ ਕੁੱਲ 15 ਲੋਕਾਂ ਦੀ ਸੂਚੀ ਸਾਹਮਣੇ ਆਈ ਹੈ। ਪੰਜਾਬ ਤੋ 11 ਵਿਅਕਤੀ, ਤੇਲੰਗਾਨਾ ਤੋ 2 ਵਿਅਕਤੀ, ਹਰਿਆਣਾ ਤੋ 1 ਵਿਅਕਤੀ, ਉੱਤਰਾਖੰਡ ਤੋ 2 ਵਿਅਕਤੀ ਸ਼ਾਮਿਲ ਹਨ।
ਧੋਖਾਦੇਹੀ ਕਰਨ ਵਾਲੇ ਏਜੰਟਾਂ ‘ਤੇ ਹੋਵੇਗੀ ਸਖ਼ਤ ਕਾਰਵਾਈ
ਭਗਵੰਤ ਮਾਨ ਨੇ ਸਪਸ਼ਟ ਕੀਤਾ ਕਿ ਵਤਨ ਵਾਪਸੀ ਤੋਂ ਬਾਅਦ ਇਨ੍ਹਾਂ ਨੌਜਵਾਨਾਂ ਤੋਂ ਪੂਰੀ ਪੁੱਛਗਿੱਛ ਕੀਤੀ ਜਾਵੇਗੀ। ਸਰਕਾਰ ਇਹ ਪਤਾ ਲਗਾਏਗੀ ਕਿ ਇਨ੍ਹਾਂ ਨੂੰ ਵਿਦੇਸ਼ ਕਿਸ ਨੇ ਭੇਜਿਆ ਸੀ ਅਤੇ ਦਸਤਾਵੇਜ਼ਾਂ ਵਿੱਚ ਕਿੱਥੇ ਗੜਬੜ ਹੋਈ। ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਜੇਕਰ ਕੋਈ ਏਜੰਟ ਦੋਸ਼ੀ ਪਾਇਆ ਗਿਆ ਤਾਂ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਲੋੜ ਪੈਣ ‘ਤੇ ਇਸ ਮਾਮਲੇ ਵਿੱਚ ਵਿਦੇਸ਼ ਮੰਤਰਾਲੇ ਦੀ ਮਦਦ ਵੀ ਲਈ ਜਾਵੇਗੀ।