ਪੱਤਰਕਾਰ ਦੇ ਸਵਾਲ ਤੇ’ ਟਰੰਪ ਨੂੰ ਚੜ੍ਹਿਆ ਗੁੱਸਾ, ਦੇਖੋ ਵੀਡੀਓ

ਵਾਸ਼ਿੰਗਟਨ: ਅਮਰੀਕਾ ਅਤੇ ਈਰਾਨ ਵਿਚਾਲੇ ਵਧਦੇ ਤਣਾਅ ਦੌਰਾਨ ਰਾਸ਼ਟਰਪਤੀ ਡੋਨਾਲਡ ਟਰੰਪ ਇੱਕ ਪੱਤਰਕਾਰ ‘ਤੇ ਉਸ ਸਮੇਂ ਬੁਰੀ ਤਰ੍ਹਾਂ ਭੜਕ ਗਏ, ਜਦੋਂ ਉਨ੍ਹਾਂ ਤੋਂ ਈਰਾਨ ਵਿੱਚ ਅਮਰੀਕੀ ਫੌਜਾਂ ਦੀ ਸੰਭਾਵੀ ਤਾਇਨਾਤੀ ਬਾਰੇ ਸਵਾਲ ਪੁੱਛਿਆ ਗਿਆ

ਰਿਪੋਰਟਾਂ ਅਨੁਸਾਰ, ਅਮਰੀਕਾ ਵੱਲੋਂ ਲਗਭਗ 2,000 ਤੋਂ 2,500 ਮਰੀਨ ਫੌਜੀ ਤਿੰਨ ਜੰਗੀ ਜਹਾਜ਼ਾਂ ਰਾਹੀਂ ਮੱਧ ਪੂਰਬ (Middle East) ਵੱਲ ਭੇਜੇ ਜਾ ਰਹੇ ਹਨ। ਐਤਵਾਰ (15 ਮਾਰਚ) ਨੂੰ ‘ਏਅਰ ਫੋਰਸ ਵਨ’ ਜਹਾਜ਼ ‘ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਜਦੋਂ ਇੱਕ ਪੱਤਰਕਾਰ ਨੇ ਇਸ ਤਾਇਨਾਤੀ ਨੂੰ ਲੈ ਕੇ ਸਵਾਲ ਕੀਤਾ, ਤਾਂ ਟਰੰਪ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ। ਟਰੰਪ ਨੇ ਸਖ਼ਤ ਲਹਿਜੇ ਵਿੱਚ ਕਿਹਾ, “ਮੈਂ ਤੁਹਾਡੇ ਵਰਗੇ ਲੋਕਾਂ ਨਾਲ ਇਸ ਬਾਰੇ ਗੱਲ ਨਹੀਂ ਕਰਦਾ। ਮੈਂ ਤੁਹਾਨੂੰ ਕਿਉਂ ਦੱਸਾਂ ਕਿ ਮੈਂ ਫੌਜ ਭੇਜ ਰਿਹਾ ਹਾਂ ਜਾਂ ਨਹੀਂ? ਕੌਣ ਅਜਿਹੇ ਸਵਾਲ ਦਾ ਜਵਾਬ ਦੇਵੇਗਾ?”

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 6 ਮਾਰਚ ਨੂੰ ਟਰੰਪ ਨੇ ਤੇਹਰਾਨ ‘ਤੇ ਜ਼ਮੀਨੀ ਹਮਲੇ ਨੂੰ “ਸਮੇਂ ਦੀ ਬਰਬਾਦੀ” ਦੱਸਿਆ ਸੀ। ਪਰ ਹਾਲ ਹੀ ਵਿੱਚ ਹੋਈਆਂ ਫੌਜੀ ਹਰਕਤਾਂ ਨੇ ਨਵੇਂ ਸਵਾਲ ਖੜ੍ਹੇ ਕਰ ਦਿੱਤੇ ਹਨ। ਜਿੱਥੇ ਇੱਕ ਪਾਸੇ ਪੈਂਟਾਗਨ ਰਣਨੀਤਕ ਤੌਰ ‘ਤੇ ਹਾਰਮੁਜ਼ ਜਲਡਮਰੂ (Strait of Hormuz) ਦੀ ਸੁਰੱਖਿਆ ਲਈ ਫੌਜ ਵਧਾ ਰਿਹਾ ਹੈ, ਉੱਥੇ ਹੀ ਟਰੰਪ ਦਾ ਮੀਡੀਆ ਪ੍ਰਤੀ ਇਹ ਰਵੱਈਆ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ

ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਅਮਰੀਕਾ ਦੀ ਇਹ ਨਵੀਂ ਤਾਇਨਾਤੀ ਖੇਤਰ ਵਿੱਚ ਕਿਸੇ ਵੱਡੇ ਫੌਜੀ ਆਪ੍ਰੇਸ਼ਨ ਦਾ ਸੰਕੇਤ ਹੋ ਸਕਦੀ ਹੈ, ਹਾਲਾਂਕਿ ਵ੍ਹਾਈਟ ਹਾਊਸ ਅਜੇ ਇਸ ‘ਤੇ ਸਪੱਸ਼ਟ ਰਣਨੀਤੀ ਸਾਂਝੀ ਕਰਨ ਤੋਂ ਬਚ ਰਿਹਾ ਹੈ