ਪਟਿਆਲਾ: ਪਿਛਲੇ ਕੁਝ ਦਿਨਾਂ ਤੋਂ ਭਾਖੜਾ ਨਹਿਰ ਵਿੱਚ ਛਾਲ ਮਾਰਨ ਵਾਲੇ ਪ੍ਰੇਮੀ ਜੋੜੇ ਦੇ ਮਾਮਲੇ ਵਿੱਚ ਅੱਜ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਕਈ ਦਿਨਾਂ ਦੀ ਲਗਾਤਾਰ ਭਾਲ ਤੋਂ ਬਾਅਦ ਅੱਜ ਲਾਪਤਾ ਲੜਕੀ ਦੀ ਲਾਸ਼ ਵੀ ਨਹਿਰ ਵਿੱਚੋਂ ਬਰਾਮਦ ਕਰ ਲਈ ਗਈ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਨੌਜਵਾਨ ਦੀ ਲਾਸ਼ ਮਿਲ ਗਈ ਸੀ
ਕੀ ਹੈ ਪੂਰਾ ਮਾਮਲਾ?
ਜਾਣਕਾਰੀ ਮੁਤਾਬਕ ਇਹ ਘਟਨਾ ਬੀਤੀ 8 ਤਰੀਕ ਦੀ ਹੈ, ਜਦੋਂ ਪਸਾਣਾ-ਭਾਖੜਾ ਰੋਡ ‘ਤੇ ਇੱਕ ਲਾਵਾਰਿਸ ਡਿਜ਼ਾਇਰ ਗੱਡੀ ਮਿਲੀ ਸੀ। ਜਾਂਚ ਦੌਰਾਨ ਪਤਾ ਲੱਗਿਆ ਕਿ ਇੱਕ ਨੌਜਵਾਨ ਅਤੇ ਲੜਕੀ ਨੇ ਇਕੱਠਿਆਂ ਨਹਿਰ ਵਿੱਚ ਛਾਲ ਮਾਰ ਦਿੱਤੀ ਸੀ।
13 ਤਰੀਕ: ਨਿਰਵਾਣਾ ਬਰਾਂਚ ਕੋਲੋਂ ਨੌਜਵਾਨ ਦੀ ਲਾਸ਼ ਮਿਲੀ ਸੀ
ਅੱਜ: ਲੰਬੀ ਜੱਦੋ-ਜਹਿਦ ਤੋਂ ਬਾਅਦ ਢਹਾਣੇ ਕੋਲੋਂ ਲੜਕੀ ਦੀ ਲਾਸ਼ ਵੀ ਬਰਾਮਦ ਹੋਈ
ਗੋਤਾਖੋਰਾਂ ਦੀ ਸਖ਼ਤ ਮਿਹਨਤ ਲਿਆਈ ਰੰਗ
‘ਭੋਲੇਨਾਥ ਡਾਈਵਰਸ ਕਲੱਬ ਪੰਜਾਬ’ ਦੇ ਪ੍ਰਧਾਨ ਸ਼ੰਕਰ ਭਾਰਦਵਾਜ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੜਕੀ ਦੀ ਭਾਲ ਲਈ ਪਰਿਵਾਰ ਅਤੇ ਗੋਤਾਖੋਰਾਂ ਦੀਆਂ ਟੀਮਾਂ ਦਿਨ-ਰਾਤ ਜੁੱਟੀਆਂ ਹੋਈਆਂ ਸਨ। ਅੱਜ ਕਾਫੀ ਮੁਸ਼ੱਕਤ ਤੋਂ ਬਾਅਦ ਲਾਸ਼ ਨੂੰ ਪਾਣੀ ਵਿੱਚੋਂ ਕੱਢ ਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ।
“ਅਸੀਂ ਪਿਛਲੇ ਕਈ ਦਿਨਾਂ ਤੋਂ ਇਸ ਆਪ੍ਰੇਸ਼ਨ ਵਿੱਚ ਲੱਗੇ ਹੋਏ ਸੀ। ਲੜਕੀ ਪਟਿਆਲਾ ਦੀ ਬਾਜ਼ੀਗਰ ਬਸਤੀ ਦੀ ਰਹਿਣ ਵਾਲੀ ਸੀ ਅਤੇ ਇੱਕ ਨਿੱਜੀ ਸੈਲੂਨ ਵਿੱਚ ਕੰਮ ਕਰਦੀ ਸੀ।” — ਸ਼ੰਕਰ ਭਾਰਦਵਾਜ, ਪ੍ਰਧਾਨ (ਭੋਲੇਨਾਥ ਡਾਈਵਰਸ ਕਲੱਬ)
ਪਰਿਵਾਰ ‘ਚ ਸੋਗ ਦੀ ਲਹਿਰ
ਲੜਕੀ ਦੀ ਪਛਾਣ ਪਟਿਆਲਾ ਦੀ ਬਾਜ਼ੀਗਰ ਬਸਤੀ ਦੇ ਵਸਨੀਕ ਵਜੋਂ ਹੋਈ ਹੈ। ਇਸ ਦੁਖਦਾਈ ਖ਼ਬਰ ਤੋਂ ਬਾਅਦ ਪਰਿਵਾਰ ਅਤੇ ਇਲਾਕੇ ਵਿੱਚ ਮਾਤਮ ਪਸਰ ਗਿਆ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ
