ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ ਅਤੇ ਯੂਰਪੀ ਦੇਸ਼ਾਂ ਦੇ ਸਬੰਧਾਂ ਨੂੰ ਲੈ ਕੇ ਇੱਕ ਵੱਡਾ ਅਤੇ ਸਨਸਨੀਖੇਜ਼ ਬਿਆਨ ਦਿੱਤਾ ਹੈ। ਸੋਮਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਦੌਰਾਨ ਟਰੰਪ ਨੇ ਦਾਅਵਾ ਕੀਤਾ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਮਨ ਵਿੱਚ ਯੂਰਪ ਲਈ ਕੋਈ ਡਰ ਨਹੀਂ ਹੈ, ਬਲਕਿ ਉਹ ਸਿਰਫ਼ ਅਮਰੀਕਾ ਦੀ ਤਾਕਤ ਤੋਂ ਘਬਰਾਉਂਦਾ ਹੈ
“ਮੈਂ ਬਣਾਈ ਹੈ ਅਮਰੀਕਾ ਦੀ ਸ਼ਕਤੀਸ਼ਾਲੀ ਫ਼ੌਜ”
ਟਰੰਪ ਕੇਨੇਡੀ ਸੈਂਟਰ ਬੋਰਡ ਦੇ ਮੈਂਬਰਾਂ ਨਾਲ ਦੁਪਹਿਰ ਦੇ ਖਾਣੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਪੁਤਿਨ ਉਸ ਫ਼ੌਜੀ ਸ਼ਕਤੀ ਤੋਂ ਡਰਦਾ ਹੈ ਜੋ ਉਨ੍ਹਾਂ ਨੇ ਆਪਣੇ ਪਹਿਲੇ ਕਾਰਜਕਾਲ ਦੌਰਾਨ ਤਿਆਰ ਕੀਤੀ ਸੀ। ਉਨ੍ਹਾਂ ਕਿਹਾ:
“ਪੁਤਿਨ ਦੇ ਮਨ ਵਿੱਚ ਯੂਰਪ ਦਾ ਕੋਈ ਖ਼ੌਫ਼ ਨਹੀਂ ਹੈ। ਉਹ ਸਿਰਫ਼ ਸੰਯੁਕਤ ਰਾਜ ਅਮਰੀਕਾ ਅਤੇ ਉਸ ਫ਼ੌਜ ਤੋਂ ਡਰਦਾ ਹੈ ਜੋ ਮੇਰੇ ਪਹਿਲੇ ਕਾਰਜਕਾਲ ਵਿੱਚ ਬਣਾਈ ਗਈ ਸੀ। ਤੁਸੀਂ ਚਾਹੇ ਤਾਂ ਖ਼ੁਦ ਪੁਤਿਨ ਤੋਂ ਪੁੱਛ ਸਕਦੇ ਹੋ, ਉਹ ਸਾਥੋਂ ਡਰਦਾ ਹੈ”
ਨਾਟੋ (NATO) ਅਤੇ ਯੂਰਪੀ ਦੇਸ਼ਾਂ ਦੀ ਕੀਤੀ ਆਲੋਚਨਾ
ਟਰੰਪ ਨੇ ਇਸ ਮੌਕੇ ਯੂਰਪੀ ਦੇਸ਼ਾਂ, ਖਾਸ ਕਰਕੇ ਯੂਨਾਈਟਿਡ ਕਿੰਗਡਮ (UK) ‘ਤੇ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਸ਼ਿਕਾਇਤ ਕੀਤੀ ਕਿ ਜਦੋਂ ‘ਹੋਰਮੁਜ਼ ਜਲਡਮਰੂ’ (Strait of Hormuz) ਨੂੰ ਦੁਬਾਰਾ ਖੋਲ੍ਹਣ ਵਿੱਚ ਮਦਦ ਦੀ ਲੋੜ ਸੀ, ਤਾਂ ਇਨ੍ਹਾਂ ਦੇਸ਼ਾਂ ਨੇ ਹੱਥ ਪਿੱਛੇ ਖਿੱਚ ਲਏ
ਟਰੰਪ ਨੇ ਨਾਟੋ ਦੇ ਸਬੰਧ ਵਿੱਚ ਕਿਹਾ:
ਅਮਰੀਕਾ ਦੀ ਭੂਮਿਕਾ: “ਅਸੀਂ ਸਾਲਾਂ ਤੋਂ ਨਾਟੋ ਰਾਹੀਂ ਇਨ੍ਹਾਂ ਦੇਸ਼ਾਂ ਦੀ ਰੱਖਿਆ ਕਰ ਰਹੇ ਹਾਂ, ਕਿਉਂਕਿ ਨਾਟੋ ਸਾਡੇ ਸਿਰ ‘ਤੇ ਹੀ ਚੱਲ ਰਿਹਾ ਹੈ।”
ਮਦਦ ਤੋਂ ਇਨਕਾਰ: ਉਨ੍ਹਾਂ ਅਫਸੋਸ ਜਤਾਇਆ ਕਿ ਸੁਰੱਖਿਆ ਲੈਣ ਦੇ ਬਾਵਜੂਦ ਇਹ ਦੇਸ਼ ਅਹਿਮ ਮੌਕਿਆਂ ‘ਤੇ ਅਮਰੀਕਾ ਦਾ ਸਾਥ ਨਹੀਂ ਦੇ ਰਹੇ
ਕੌਮਾਂਤਰੀ ਸਿਆਸਤ ‘ਚ ਹਲਚਲ
ਟਰੰਪ ਦੇ ਇਸ ਬਿਆਨ ਨੇ ਇੱਕ ਵਾਰ ਫਿਰ ਅਮਰੀਕਾ ਅਤੇ ਯੂਰਪੀ ਸਹਿਯੋਗੀਆਂ ਵਿਚਾਲੇ ਤਣਾਅ ਨੂੰ ਸਪੱਸ਼ਟ ਕਰ ਦਿੱਤਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਟਰੰਪ ਦਾ ਇਹ ਰੁਖ਼ ਆਉਣ ਵਾਲੇ ਸਮੇਂ ਵਿੱਚ ਨਾਟੋ ਦੇ ਅੰਦਰੂਨੀ ਸਬੰਧਾਂ ਅਤੇ ਵਿਸ਼ਵ ਸਿਆਸਤ ਦੀ ਤਸਵੀਰ ਬਦਲ ਸਕਦਾ ਹੈ
