ਆਮ ਆਦਮੀ ਪਾਰਟੀ (AAP) ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਸੰਸਦ ਵਿੱਚ ਦੇਸ਼ ਦੇ ਬੈਂਕਾਂ ਨਾਲ ਹੋ ਰਹੀ ਵੱਡੇ ਪੱਧਰ ‘ਤੇ ਧੋਖਾਧੜੀ ਦਾ ਮੁੱਦਾ ਜ਼ੋਰ-ਸ਼ੋਰ ਨਾਲ ਚੁੱਕਿਆ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਆਮ ਲੋਕਾਂ ਦੀ ਮਿਹਨਤ ਦੀ ਕਮਾਈ ਲੁੱਟਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਬਜਾਏ, ਸਿਸਟਮ ਉਨ੍ਹਾਂ ਨੂੰ ਬਚਣ ਦੇ ਰਾਹ ਦੇ ਰਿਹਾ ਹੈ।
“ਪਿਛਲੇ 12 ਸਾਲਾਂ ‘ਚ ਕਈ ਕਾਰੋਬਾਰੀ ਦੇਸ਼ ਦਾ ਪੈਸਾ ਲੁੱਟ ਕੇ ਵਿਦੇਸ਼ ਭੱਜੇ”
ਸੰਸਦ ਵਿੱਚ ਬੋਲਦਿਆਂ ਮੀਤ ਹੇਅਰ ਨੇ ਕਿਹਾ ਕਿ ਪਿਛਲੇ 12 ਸਾਲਾਂ ਦਾ ਰਿਕਾਰਡ ਚੁੱਕ ਕੇ ਦੇਖ ਲਿਆ ਜਾਵੇ ਤਾਂ ਕਈ ਵੱਡੇ ਕਾਰੋਬਾਰੀ ਭਾਰਤੀ ਬੈਂਕਾਂ ਨਾਲ ਹਜ਼ਾਰਾਂ-ਕਰੋੜਾਂ ਰੁਪਏ ਦੀ ਧੋਖਾਧੜੀ ਕਰਕੇ ਆਸਾਨੀ ਨਾਲ ਵਿਦੇਸ਼ ਭੱਜਣ ਵਿੱਚ ਕਾਮਯਾਬ ਹੋਏ ਹਨ।
ਉਨ੍ਹਾਂ ਸਵਾਲ ਕੀਤਾ ਕਿ ਜਦੋਂ ਇੱਕ ਆਮ ਆਦਮੀ ਜਾਂ ਕਿਸਾਨ ਬੈਂਕ ਦਾ ਛੋਟਾ ਜਿਹਾ ਕਰਜ਼ਾ ਨਹੀਂ ਮੋੜ ਪਾਉਂਦਾ ਤਾਂ ਉਸਦੀ ਜਾਇਦਾਦ ਜ਼ਬਤ ਕਰ ਲਈ ਜਾਂਦੀ ਹੈ, ਉਸਨੂੰ ਜ਼ਲੀਲ ਕੀਤਾ ਜਾਂਦਾ ਹੈ, ਪਰ ਦੇਸ਼ ਦਾ ਅਰਬਾਂ ਰੁਪਏ ਡਕਾਰਨ ਵਾਲੇ ਇਹ ਵੱਡੇ ਕਾਰੋਬਾਰੀ ਆਸਾਨੀ ਨਾਲ ਦੇਸ਼ ਕਿਵੇਂ ਛੱਡ ਜਾਂਦੇ ਹਨ? ਸਰਕਾਰ ਇਨ੍ਹਾਂ ਨੂੰ ਫੜਨ ਅਤੇ ਪੈਸਾ ਵਾਪਸ ਲਿਆਉਣ ਵਿੱਚ ਨਾਕਾਮ ਕਿਉਂ ਸਾਬਤ ਹੋ ਰਹੀ ਹੈ?
ਪਰਲ ਗਰੁੱਪ (Pearl Group) ਦੀ ਲੱਖਾਂ ਕਰੋੜ ਦੀ ਜਾਇਦਾਦ ਦਾ ਮੁੱਦਾ
ਪੰਜਾਬ ਦੇ ਲੋਕਾਂ ਨਾਲ ਹੋਏ ਵੱਡੇ ਧੋਖੇ ਦਾ ਜ਼ਿਕਰ ਕਰਦਿਆਂ ਮੀਤ ਹੇਅਰ ਨੇ ‘ਪਰਲ ਗਰੁੱਪ’ (Pearl Group) ਦਾ ਮੁੱਦਾ ਉਠਾਇਆ। ਉਨ੍ਹਾਂ ਦੱਸਿਆ ਕਿ ਪਰਲ ਗਰੁੱਪ ਨੇ ਪੰਜਾਬ ਸਮੇਤ ਦੇਸ਼ ਭਰ ਦੇ ਲੱਖਾਂ ਭੋਲੇ-ਭਾਲੇ ਲੋਕਾਂ ਨਾਲ ਠੱਗੀ ਮਾਰੀ ਹੈ।
ਉਨ੍ਹਾਂ ਸਦਨ ਦੇ ਧਿਆਨ ਵਿੱਚ ਲਿਆਂਦਾ ਕਿ ਅੱਜ ਵੀ ਪਰਲ ਗਰੁੱਪ ਦੀ ਲੱਖਾਂ ਕਰੋੜ ਰੁਪਏ ਦੀ ਜਾਇਦਾਦ ਪੰਜਾਬ ਵਿੱਚ ਪਈ ਹੈ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਅਤੇ ਸਬੰਧਤ ਏਜੰਸੀਆਂ ਨੂੰ ਚਾਹੀਦਾ ਹੈ ਕਿ ਇਨ੍ਹਾਂ ਜਾਇਦਾਦਾਂ ਨੂੰ ਜ਼ਬਤ ਕਰਕੇ ਜਾਂ ਵੇਚ ਕੇ, ਜਿਨ੍ਹਾਂ ਆਮ ਲੋਕਾਂ ਅਤੇ ਗਰੀਬਾਂ ਦਾ ਪੈਸਾ ਇਸ ਕੰਪਨੀ ਵਿੱਚ ਡੁੱਬਿਆ ਹੋਇਆ ਹੈ, ਉਨ੍ਹਾਂ ਨੂੰ ਉਨ੍ਹਾਂ ਦੀ ਮਿਹਨਤ ਦੀ ਕਮਾਈ ਤੁਰੰਤ ਵਾਪਸ ਕੀਤੀ ਜਾਵੇ।
