ਮੱਧ ਪੂਰਬ ਵਿੱਚ ਚੱਲ ਰਹੀ ਜੰਗ ਕਾਰਨ ਪੈਦਾ ਹੋਏ ਗੰਭੀਰ ਤੇਲ ਅਤੇ ਊਰਜਾ ਸੰਕਟ ਦੇ ਮੱਦੇਨਜ਼ਰ ਪਾਕਿਸਤਾਨ ਸਰਕਾਰ ਨੇ ਦੇਸ਼ ਭਰ ਵਿੱਚ ਸਖ਼ਤ ਪਾਬੰਦੀਆਂ ਲਾਗੂ ਕਰ ਦਿੱਤੀਆਂ ਹਨ। ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੀ ਪ੍ਰਧਾਨਗੀ ਹੇਠ ਹੋਈ ਉੱਚ ਪੱਧਰੀ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਹੈ ਕਿ ਅੱਜ (ਮੰਗਲਵਾਰ) ਤੋਂ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਬਾਜ਼ਾਰ ਅਤੇ ਸ਼ਾਪਿੰਗ ਮਾਲ ਰਾਤ 8 ਵਜੇ ਬੰਦ ਕਰ ਦਿੱਤੇ ਜਾਣਗੇ
ਕਿੱਥੇ-ਕਿੱਥੇ ਲਾਗੂ ਹੋਣਗੇ ਨਵੇਂ ਨਿਯਮ?
ਸਰਕਾਰੀ ਬਿਆਨ ਅਨੁਸਾਰ ਇਹ ਫੈਸਲਾ ਪੰਜਾਬ, ਬਲੋਚਿਸਤਾਨ, ਇਸਲਾਮਾਬਾਦ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (PoK) ਵਿੱਚ ਲਾਗੂ ਹੋਵੇਗਾ
ਖੈਬਰ ਪਖਤੂਨਖਵਾ: ਇੱਥੇ ਵੀ ਬਾਜ਼ਾਰ 8 ਵਜੇ ਬੰਦ ਹੋਣਗੇ, ਪਰ ਡਿਵੀਜ਼ਨਲ ਹੈੱਡਕੁਆਰਟਰਾਂ ਵਿੱਚ ਬਾਜ਼ਾਰਾਂ ਨੂੰ ਰਾਤ 9 ਵਜੇ ਤੱਕ ਖੁੱਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ
ਸਿੰਧ ਸੂਬਾ: ਸਿੰਧ ਨੂੰ ਫਿਲਹਾਲ ਇਨ੍ਹਾਂ ਪਾਬੰਦੀਆਂ ਤੋਂ ਛੋਟ ਦਿੱਤੀ ਗਈ ਹੈ, ਕਿਉਂਕਿ ਉੱਥੇ ਵਪਾਰੀਆਂ ਨਾਲ ਸਲਾਹ-ਮਸ਼ਵਰਾ ਚੱਲ ਰਿਹਾ ਹੈ
ਹੋਟਲਾਂ ਅਤੇ ਵਿਆਹ ਸਮਾਗਮਾਂ ਲਈ ਨਵੀਆਂ ਹਦਾਇਤਾਂ
ਊਰਜਾ ਬਚਾਉਣ ਲਈ ਸਰਕਾਰ ਨੇ ਵਪਾਰਕ ਗਤੀਵਿਧੀਆਂ ‘ਤੇ ਵੀ ਸ਼ਿਕੰਜਾ ਕੱਸਿਆ ਹੈ:
- ਰੈਸਟੋਰੈਂਟ ਤੇ ਬੇਕਰੀਆਂ: ਰੈਸਟੋਰੈਂਟ, ਬੇਕਰੀਆਂ, ਤੰਦੂਰ ਅਤੇ ਖਾਣ-ਪੀਣ ਦੀਆਂ ਦੁਕਾਨਾਂ ਰਾਤ 10 ਵਜੇ ਤੱਕ ਹੀ ਖੁੱਲ੍ਹ ਸਕਣਗੀਆਂ।
- ਵਿਆਹ ਸਮਾਗਮ: ਮੈਰਿਜ ਹਾਲ ਅਤੇ ਹੋਰ ਵਪਾਰਕ ਸਥਾਨਾਂ ‘ਤੇ ਵਿਆਹ ਦੇ ਪ੍ਰੋਗਰਾਮ ਰਾਤ 10 ਵਜੇ ਤੱਕ ਖਤਮ ਕਰਨੇ ਹੋਣਗੇ।
- ਨਿੱਜੀ ਪ੍ਰੋਗਰਾਮ: ਘਰਾਂ ਜਾਂ ਨਿੱਜੀ ਥਾਵਾਂ ‘ਤੇ ਵੀ ਰਾਤ 10 ਵਜੇ ਤੋਂ ਬਾਅਦ ਵਿਆਹ ਦੀਆਂ ਰਸਮਾਂ ਕਰਨ ‘ਤੇ ਪਾਬੰਦੀ ਰਹੇਗੀ
ਮੈਡੀਕਲ ਸਟੋਰਾਂ ਨੂੰ ਛੋਟ
ਆਮ ਲੋਕਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ, ਮੈਡੀਕਲ ਸਟੋਰਾਂ ਅਤੇ ਫਾਰਮੇਸੀਆਂ ਨੂੰ ਇਨ੍ਹਾਂ ਸਮਾਂ ਸੀਮਾਵਾਂ ਤੋਂ ਬਾਹਰ ਰੱਖਿਆ ਗਿਆ ਹੈ। ਇਹ ਪਹਿਲਾਂ ਵਾਂਗ 24 ਘੰਟੇ ਖੁੱਲ੍ਹੇ ਰਹਿ ਸਕਦੇ ਹਨ
ਕਿਉਂ ਲੈਣਾ ਪਿਆ ਇਹ ਸਖ਼ਤ ਫੈਸਲਾ?
ਇਸ ਸੰਕਟ ਦਾ ਮੁੱਖ ਕਾਰਨ 28 ਫਰਵਰੀ ਨੂੰ ਇਰਾਨ ‘ਤੇ ਹੋਏ ਹਮਲਿਆਂ ਤੋਂ ਬਾਅਦ ‘ਸਟਰੇਟ ਆਫ ਹਾਰਮੁਜ਼’ (Strait of Hormuz) ਦਾ ਰਸਤਾ ਬੰਦ ਹੋਣਾ ਹੈ। ਇਸ ਸਮੁੰਦਰੀ ਰਸਤੇ ਰਾਹੀਂ ਦੁਨੀਆ ਦਾ ਲਗਭਗ 25 ਫੀਸਦੀ ਤੇਲ ਗੁਜ਼ਰਦਾ ਸੀ। ਸਪਲਾਈ ਰੁਕਣ ਕਾਰਨ ਤੇਲ ਦੀਆਂ ਕੀਮਤਾਂ ਅਸਮਾਨੀ ਚੜ੍ਹ ਗਈਆਂ ਹਨ, ਜਿਸ ਕਾਰਨ ਪਾਕਿਸਤਾਨ ਸਰਕਾਰ ਨੂੰ ਦੇਸ਼ ਦਾ ਖਰਚਾ ਘਟਾਉਣ ਲਈ ਇਹ ਕਦਮ ਚੁੱਕਣਾ ਪਿਆ ਹੈ
