ਸਕੂਲ ਦੇ ਮੈਥਸ ਟੀਚਰ ‘ਤੇ ਮਹਿਲਾ ਅਧਿਆਪਕਾ ਨਾਲ ਛੇੜਛਾੜ ਦੇ ਦੋਸ਼

ਮੌੜ ਮੰਡੀ : ਬਠਿੰਡਾ ਜ਼ਿਲ੍ਹੇ ਦੇ ਮੌੜ ਖੇਤਰ ਦੇ ਇੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚੋਂ ਗੁਰੂ-ਚੇਲੇ ਦੇ ਰਿਸ਼ਤੇ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੋਂ ਦੇ ਇੱਕ ਸਰਕਾਰੀ ਸਕੂਲ ਵਿੱਚ ਤਾਇਨਾਤ ਗਣਿਤ (Maths) ਦੇ ਅਧਿਆਪਕ ‘ਤੇ ਆਪਣੀ ਹੀ ਸਾਥੀ ਮਹਿਲਾ ਸਾਇੰਸ ਅਧਿਆਪਕਾ ਨਾਲ ਛੇੜਛਾੜ ਅਤੇ ਬਦਸਲੂਕੀ ਕਰਨ ਦੇ ਗੰਭੀਰ ਦੋਸ਼ ਲੱਗੇ ਹਨ। ਪੀੜਤ ਮਹਿਲਾ ਦੀ ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ ਥਾਣਾ ਮੌੜ ਦੀ ਪੁਲਿਸ ਨੇ ਮੁਲਜ਼ਮ ਅਧਿਆਪਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ

ਕੀ ਹੈ ਪੂਰਾ ਮਾਮਲਾ?
ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਪੀੜਤ ਮਹਿਲਾ ਅਧਿਆਪਕਾ ਨੇ ਦੱਸਿਆ ਕਿ ਉਹ ਜੂਨ 2023 ਤੋਂ ਪਿੰਡ ਮੌੜ ਖ਼ੁਰਦ ਦੇ ਸਰਕਾਰੀ ਸਕੂਲ ਵਿੱਚ ਤਾਇਨਾਤ ਹੈ। ਸਕੂਲ ਦੀ ਸਾਇੰਸ ਲੈਬ ਵਿੱਚ ਅਲਮਾਰੀਆਂ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ, ਜਿਸ ਦੀ ਦੇਖ-ਰੇਖ ਲਈ ਬਣਾਈ ਗਈ ਕਮੇਟੀ ਵਿੱਚ ਉਹ ਅਤੇ ਮੁਲਜ਼ਮ ਅਧਿਆਪਕ ਪ੍ਰਵੀਨ ਕੁਮਾਰ ਮੈਂਬਰ ਸਨ

ਪੀੜਤਾ ਅਨੁਸਾਰ, ਜਦੋਂ ਉਸਨੇ ਸੀਨੀਅਰ ਹੋਣ ਦੇ ਨਾਤੇ ਮੁਲਜ਼ਮ ਨੂੰ ਲੈਬ ਦੀਆਂ ਅਲਮਾਰੀਆਂ ਵਿੱਚ ਆ ਰਹੀ ਨੁਕਸ ਬਾਰੇ ਦੱਸਿਆ, ਤਾਂ ਮੁਲਜ਼ਮ ਨੇ ਉਸ ਨੂੰ ਲੈਬ ਵਿੱਚ ਆ ਕੇ ਨੁਕਸ ਦਿਖਾਉਣ ਲਈ ਕਿਹਾ

ਲੈਬ ਵਿੱਚ ਕੀਤੀ ਅਸ਼ਲੀਲ ਹਰਕਤ
ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਜਦੋਂ ਉਹ ਲੈਬ ਵਿੱਚ ਪਹੁੰਚੀ ਤਾਂ ਮੁਲਜ਼ਮ ਪ੍ਰਵੀਨ ਕੁਮਾਰ ਨੇ ਉਸ ‘ਤੇ ਭੈੜੀਆਂ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਵਿਰੋਧ ਕਰਨ ਦੇ ਬਾਵਜੂਦ ਮੁਲਜ਼ਮ ਉਸ ਦੇ ਕਰੀਬ ਆਇਆ ਅਤੇ ਜਬਰਨ ਉਸ ਦਾ ਹੱਥ ਫੜ ਕੇ ਛੇੜਛਾੜ ਕੀਤੀ। ਇਸ ਦੌਰਾਨ ਮੁਲਜ਼ਮ ਨੇ ਮਹਿਲਾ ਅਧਿਆਪਕਾ ਨੂੰ ਧਮਕਾਇਆ ਕਿ ਜੇਕਰ ਉਸ ਨੇ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਨਤੀਜੇ ਮਾੜੇ ਹੋਣਗੇ

ਪਰਿਵਾਰ ਨੇ ਸਕੂਲ ਪਹੁੰਚ ਕੇ ਜਤਾਇਆ ਵਿਰੋਧ
ਘਟਨਾ ਤੋਂ ਬਾਅਦ ਪੀੜਤਾ ਨੇ ਤੁਰੰਤ ਸਕੂਲ ਦੇ ਮਹਿਲਾ ਸਟਾਫ਼ ਅਤੇ ਆਪਣੇ ਪਰਿਵਾਰ ਨੂੰ ਜਾਣਕਾਰੀ ਦਿੱਤੀ। ਸੂਚਨਾ ਮਿਲਦੇ ਹੀ ਪੀੜਤਾ ਦਾ ਪਤੀ ਅਤੇ ਸਹੁਰਾ ਸਕੂਲ ਪਹੁੰਚੇ ਅਤੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਥਾਣਾ ਮੌੜ ਵਿਖੇ ਲਿਖਤੀ ਸ਼ਿਕਾਇਤ ਦਰਜ ਕਰਵਾਈ

ਪੁਲਿਸ ਦੀ ਕਾਰਵਾਈ
ਥਾਣਾ ਮੌੜ ਦੀ ਪੁਲਿਸ ਨੇ ਮਹਿਲਾ ਅਧਿਆਪਕਾ ਦੇ ਬਿਆਨਾਂ ਦੇ ਅਧਾਰ ‘ਤੇ ਮੁਲਜ਼ਮ ਅਧਿਆਪਕ ਪ੍ਰਵੀਨ ਕੁਮਾਰ ਵਿਰੁੱਧ ਧਾਰਾ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ