ਟ੍ਰੇਨ ‘ਚ ਅੱਗ ਲੱਗਣ ਦੀ ਅਫ਼ਵਾਹ ਮਗਰੋਂ ਛਾਲਾਂ ਮਾਰਨ ਵਾਲੇ ਮੁਸਾਫ਼ਰਾਂ ਨੂੰ ਦੂਜੀ ਟ੍ਰੇਨ ਨੇ ਕੁਚਲਿਆ

ਮੱਧ ਪ੍ਰਦੇਸ਼ ਦੇ ਮੋਰੈਨਾ ਜ਼ਿਲ੍ਹੇ ਤੋਂ ਇੱਕ ਬੇਹਦ ਦੁਖਦਾਈ ਅਤੇ ਦਿਲ ਕੰਬਾਊ ਹਾਦਸਾ ਸਾਹਮਣੇ ਆਇਆ ਹੈ। ਇੱਥੇ ਉਦੈਪੁਰ ਇੰਟਰਸਿਟੀ ਐਕਸਪ੍ਰੈਸ (Udaipur Intercity Express) ਵਿੱਚ ਅੱਗ ਲੱਗਣ ਦੀ ਅਫ਼ਵਾਹ ਕਾਰਨ ਫੈਲੀ ਦਹਿਸ਼ਤ ਮਗਰੋਂ ਕਈ ਯਾਤਰੀਆਂ ਨੇ ਚਲਦੀ ਟ੍ਰੇਨ ਵਿੱਚੋਂ ਛਾਲਾਂ ਮਾਰ ਦਿੱਤੀਆਂ। ਬਦਕਿਸਮਤੀ ਨਾਲ, ਜਿਵੇਂ ਹੀ ਇਹ ਮੁਸਾਫ਼ਰ ਦੂਜੇ ਮੁੱਖ ਟ੍ਰੈਕ ‘ਤੇ ਪਹੁੰਚੇ, ਸਾਹਮਣੇ ਤੋਂ ਆ ਰਹੀ ਪਾਤਾਲਕੋਟ ਐਕਸਪ੍ਰੈਸ (Patalkot Express) ਦੀ ਲਪੇਟ ਵਿੱਚ ਆ ਗਏ। ਇਹ ਭਿਆਨਕ ਹਾਦਸਾ ਮੋਰੈਨਾ ਦੇ ਹੇਤਮਪੁਰ ਰੇਲਵੇ ਸਟੇਸ਼ਨ ਦੇ ਨਜ਼ਦੀਕ ਵਾਪਰਿਆ

ਅਫ਼ਵਾਹ ਕਾਰਨ ਮਚੀ ਚੀਕ-ਚਿਹਾਰਾ
ਮੌਕੇ ‘ਤੇ ਮੌਜੂਦ ਇੱਕ ਚਸ਼ਮਦੀਦ ਮੁਸਾਫ਼ਰ ਨੇ ਘਟਨਾ ਦੀ ਭਿਆਨਕ ਮੰਜ਼ਰ ਬਿਆਨ ਕਰਦਿਆਂ ਦੱਸਿਆ:

“ਅਚਾਨਕ ਟ੍ਰੇਨ ਵਿੱਚ ਕਿਸੇ ਨੇ ਰੌਲਾ ਪਾ ਦਿੱਤਾ ਕਿ ਡੱਬਿਆਂ ਨੂੰ ਅੱਗ ਲੱਗ ਗਈ ਹੈ। ਇਹ ਸੁਣਦਿਆਂ ਹੀ ਸਵਾਰੀਆਂ ਵਿੱਚ ਭਗਦੜ ਮਚ ਗਈ ਅਤੇ ਚੀਕ-ਚਿਹਾਰਾ ਸ਼ੁਰੂ ਹੋ ਗਿਆ। ਡਰ ਦੇ ਮਾਰੇ ਲੋਕਾਂ ਨੇ ਟ੍ਰੇਨ ਵਿੱਚੋਂ ਹੇਠਾਂ ਛਾਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਕਈ ਲੋਕ ਹੇਠਾਂ ਉਤਰ ਕੇ ਨਾਲ ਵਾਲੇ ਰੇਲਵੇ ਟ੍ਰੈਕ ‘ਤੇ ਖੜ੍ਹੇ ਹੋ ਗਏ, ਤੇ ਉਧਰੋਂ ਦੂਜੀ ਲਾਈਨ ਤੇ’ ਪਾਤਾਲਕੋਟ ਐਕਸਪ੍ਰੈਸ ਆ ਰਹੀ ਤੇ ਜਿਸ ਕਾਰਨ ਇਹ ਵੱਡਾ ਹਾਦਸਾ ਵਾਪਰ ਗਿਆ।”

ਰਾਹਤ ਅਤੇ ਬਚਾਅ ਕਾਰਜ ਜਾਰੀ
ਹਾਦਸੇ ਦੀ ਸੂਚਨਾ ਮਿਲਦੇ ਹੀ ਸਥਾਨਕ ਪ੍ਰਸ਼ਾਸਨ ਅਤੇ ਰੇਲਵੇ ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚੇ। ਮੋਰੈਨਾ ਦੇ ਐਸਪੀ (SP) ਧਰਮਰਾਜ ਮੀਨਾ ਨੇ ਖੁਦ ਰਾਹਤ ਅਤੇ ਬਚਾਅ ਕਾਰਜਾਂ ਦੀ ਨਿਗਰਾਨੀ ਕੀਤੀ। ਪੁਲਿਸ ਪ੍ਰਸ਼ਾਸਨ ਵੱਲੋਂ ਪੀੜਤਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਅਤੇ ਐਸਪੀ ਨੇ ਹਾਦਸੇ ਦਾ ਸ਼ਿਕਾਰ ਹੋਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਕੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ

ਰੇਲਵੇ ਵੱਲੋਂ ਜਾਂਚ ਦੇ ਹੁਕਮ
ਰੇਲਵੇ ਵਿਭਾਗ ਵੱਲੋਂ ਇਸ ਪੂਰੀ ਘਟਨਾ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅਧਿਕਾਰੀਆਂ ਮੁਤਾਬਕ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਟ੍ਰੇਨ ਵਿੱਚ ਅੱਗ ਲੱਗਣ ਦੀ ਅਫ਼ਵਾਹ ਕਿਸਨੇ ਅਤੇ ਕਿਉਂ ਫੈਲਾਈ, ਜਿਸ ਕਾਰਨ ਇੰਨੀ ਵੱਡੀ ਮਨੁੱਖੀ ਜਾਨਾਂ ਦਾ ਨੁਕਸਾਨ ਹੋਇਆ। ਘਟਨਾ ਬਾਰੇ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ