ਕੈਨੇਡਾ ‘ਚ ਪੰਜਾਬੀ ਕੁੜੀ ਦਾ ਗੋਲੀ ਮਾਰ ਕੇ ਕੀਤਾ ਕਤਲ

ਟੋਰਾਂਟੋ: ਕੈਨੇਡਾ ਦੇ ਟੋਰਾਂਟੋ ਸ਼ਹਿਰ ਵਿੱਚ ਪੰਜਾਬ ਮੂਲ ਦੀ 26 ਸਾਲਾ ਕੁੜੀ ਦੀ ਗੋਲੀ ਮਾਰ ਕੇ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇਸ ਘਟਨਾ ਨੂੰ ਯੋਜਨਾਬੱਧ ਅਤੇ ਨਿਸ਼ਾਨਾ ਬਣਾ ਕੇ ਕੀਤਾ ਗਿਆ ਹਮਲਾ ਦੱਸਿਆ ਹੈ

ਮ੍ਰਿਤਕਾ ਦੀ ਪਛਾਣ ਟੋਰਾਂਟੋ ਵਾਸੀ ਨਵਨੀਤ ਕੌਰ ਵਜੋਂ ਹੋਈ ਹੈ। ਪੁਲਿਸ ਮੁਤਾਬਕ ਇਸ ਮਾਮਲੇ ਵਿੱਚ ਬਰੈਂਪਟਨ ਦੇ ਰਹਿਣ ਵਾਲੇ 37 ਸਾਲਾ ਸ਼ਰਨਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ‘ਤੇ ਪਹਿਲੀ ਡਿਗਰੀ ਕਤਲ ਸਮੇਤ ਹੋਰ ਦੋਸ਼ ਲਗਾਏ ਗਏ ਹਨ

ਥੋੜ੍ਹੀ ਗੱਲਬਾਤ ਤੋਂ ਬਾਅਦ ਚਲਾਈਆਂ ਗੋਲੀਆਂ

ਟੋਰਾਂਟੋ ਪੁਲਿਸ ਦੇ ਅਨੁਸਾਰ, ਘਟਨਾ ਸਮੇਂ ਦੋਵੇਂ ਵਿਅਕਤੀਆਂ ਵਿਚਕਾਰ ਕੁਝ ਸਮੇਂ ਲਈ ਗੱਲਬਾਤ ਹੋਈ ਸੀ। ਇਸ ਤੋਂ ਬਾਅਦ ਸ਼ੱਕੀ ਨੇ ਮਹਿਲਾ ‘ਤੇ ਗੋਲੀਆਂ ਚਲਾ ਦਿੱਤੀਆਂ।

ਗੋਲੀਬਾਰੀ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਐਮਰਜੈਂਸੀ ਟੀਮਾਂ ਮੌਕੇ ‘ਤੇ ਪਹੁੰਚੀਆਂ ਅਤੇ ਮਹਿਲਾ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਸ ਨੂੰ ਮੌਕੇ ‘ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ

ਘਟਨਾ ਤੋਂ ਬਾਅਦ ਫਰਾਰ ਹੋਇਆ ਸੀ ਮੁਲਜ਼ਮ

ਪੁਲਿਸ ਮੁਤਾਬਕ ਵਾਰਦਾਤ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ ਸੀ। ਬਾਅਦ ਵਿੱਚ ਓਂਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦੀ ਮਦਦ ਨਾਲ ਕੀਤੀ ਗਈ ਕਾਰਵਾਈ ਦੌਰਾਨ ਉਸ ਨੂੰ ਕਾਬੂ ਕਰ ਲਿਆ ਗਿਆ

ਪੁਲਿਸ ਕਰ ਰਹੀ ਹੈ ਜਾਂਚ

ਟੋਰਾਂਟੋ ਪੁਲਿਸ ਹੁਣ ਮ੍ਰਿਤਕਾ ਅਤੇ ਮੁਲਜ਼ਮ ਦੇ ਆਪਸੀ ਸਬੰਧਾਂ ਅਤੇ ਘਟਨਾ ਦੇ ਪਿੱਛੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ, ਤਾਂ ਜੋ ਹੱਤਿਆ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ।

ਇੱਕ ਚਸ਼ਮਦੀਦ ਗਵਾਹ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਨੇੜੇ ਬੈਠੇ ਹੋਏ ਇੱਕ ਵਿਅਕਤੀ ਨੂੰ ਕੁੜੀ ਕੋਲ ਜਾਂਦੇ, ਕੁਝ ਸਮੇਂ ਲਈ ਗੱਲ ਕਰਦੇ ਅਤੇ ਫਿਰ ਗੋਲੀ ਚਲਾਉਂਦੇ ਦੇਖਿਆ

ਇਸ ਘਟਨਾ ਨੇ ਕੈਨੇਡਾ ਵਿੱਚ ਰਹਿੰਦੇ ਪੰਜਾਬੀ ਭਾਈਚਾਰੇ ਵਿੱਚ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ