ਕਾਮਨਵੈਲਥ ਗੇਮਜ਼ ‘ਚ ਸੋਨ ਤਮਗਾ ਜਿੱਤ ਕੇ ਮੀਰਾਬਾਈ ਚਾਨੂ ਨੇ ਰਚਿਆ ਇਤਿਹਾਸ, ਪ੍ਰਧਾਨ ਮੰਤਰੀ ਨੇ ਕੀਤੀ ਸ਼ਲਾਘਾ
ਨਵੀ ਦਿੱਲੀ : ਭਾਰਤੀ ਵੇਟਲਿਫਟਿੰਗ ਦੀ ਸਟਾਰ ਖਿਡਾਰਨ ਮੀਰਾਬਾਈ ਚਾਨੂ ਨੇ ਇੱਕ ਵਾਰ ਫਿਰ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਕਾਮਨਵੈਲਥ ਗੇਮਜ਼ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੀਰਾਬਾਈ ਨੇ ਸੋਨ ਤਮਗਾ ਜਿੱਤ ਕੇ ਆਪਣੇ ਕਰੀਅਰ ਦਾ ਇੱਕ ਹੋਰ ਵੱਡਾ ਮੁਕਾਮ ਹਾਸਲ ਕੀਤਾ ਹੈ
ਮੀਰਾਬਾਈ ਚਾਨੂ ਨੇ 48 ਕਿਲੋਗ੍ਰਾਮ ਵਰਗ ਵਿੱਚ ਕੁੱਲ 190 ਕਿਲੋਗ੍ਰਾਮ ਭਾਰ ਚੁੱਕ ਕੇ ਸੋਨ ਤਮਗਾ ਆਪਣੇ ਨਾਮ ਕੀਤਾ। ਇਸ ਜਿੱਤ ਦੇ ਨਾਲ ਹੀ ਉਨ੍ਹਾਂ ਨੇ ਕਾਮਨਵੈਲਥ ਗੇਮਜ਼ ਵਿੱਚ ਸੋਨ ਤਮਗਿਆਂ ਦੀ ਹੈਟ੍ਰਿਕ ਪੂਰੀ ਕਰ ਲਈ ਹੈ।
ਮੀਰਾਬਾਈ ਨੇ ਇਸੇ ਸ਼ਹਿਰ ਗਲਾਸਗੋ ਵਿੱਚ 2014 ਦੀਆਂ ਕਾਮਨਵੈਲਥ ਗੇਮਜ਼ ਦੌਰਾਨ ਆਪਣੀ ਸ਼ੁਰੂਆਤ ਕੀਤੀ ਸੀ, ਜਿੱਥੇ ਉਨ੍ਹਾਂ ਨੇ ਚਾਂਦੀ ਦਾ ਤਮਗਾ ਜਿੱਤਿਆ ਸੀ। ਹੁਣ 12 ਸਾਲ ਬਾਅਦ ਉਸੇ ਥਾਂ ‘ਤੇ ਵਾਪਸੀ ਕਰਕੇ ਉਨ੍ਹਾਂ ਨੇ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ।
ਇਸ ਤੋਂ ਪਹਿਲਾਂ ਵੀ ਮੀਰਾਬਾਈ ਨੇ ਗੋਲਡ ਕੋਸਟ ਅਤੇ ਬਰਮਿੰਘਮ ਕਾਮਨਵੈਲਥ ਗੇਮਜ਼ ਵਿੱਚ ਸੋਨ ਤਮਗੇ ਜਿੱਤੇ ਸਨ। ਇਸ ਉਪਲਬਧੀ ਨਾਲ ਉਹ ਭਾਰਤੀ ਵੇਟਲਿਫਟਿੰਗ ਦੀਆਂ ਸਭ ਤੋਂ ਸਫਲ ਖਿਡਾਰਨਾਂ ਵਿੱਚ ਸ਼ਾਮਲ ਹੋ ਗਈ ਹਨ।
PM ਮੋਦੀ ਨੇ ਕੀਤੀ ਤਾਰੀਫ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੀਰਾਬਾਈ ਚਾਨੂ ਦੀ ਇਸ ਉਪਲਬਧੀ ‘ਤੇ ਖੁਸ਼ੀ ਜ਼ਾਹਰ ਕਰਦਿਆਂ ਉਨ੍ਹਾਂ ਨੂੰ “ਹਰ ਭਾਰਤੀ ਲਈ ਪ੍ਰੇਰਣਾ” ਦੱਸਿਆ।
PM ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਲਿਖਿਆ ਕਿ ਮੀਰਾਬਾਈ ਨੇ ਇੱਕ ਵਾਰ ਫਿਰ ਆਪਣੇ ਹੁਨਰ ਅਤੇ ਮਿਹਨਤ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਲਗਾਤਾਰ ਕਾਮਨਵੈਲਥ ਗੇਮਜ਼ ਵਿੱਚ ਸੋਨ ਤਮਗੇ ਜਿੱਤਣਾ ਉਨ੍ਹਾਂ ਦੀ ਲਗਨ ਅਤੇ ਸਮਰਪਣ ਨੂੰ ਦਰਸਾਉਂਦਾ ਹੈ।
ਪ੍ਰਧਾਨ ਮੰਤਰੀ ਨੇ ਮੀਰਾਬਾਈ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।
ਮੀਰਾਬਾਈ ਚਾਨੂ ਦੀ ਇਹ ਜਿੱਤ ਨਾ ਸਿਰਫ਼ ਖੇਡ ਜਗਤ ਲਈ ਮਾਣ ਵਾਲੀ ਗੱਲ ਹੈ, ਸਗੋਂ ਦੇਸ਼ ਦੇ ਲੱਖਾਂ ਨੌਜਵਾਨਾਂ ਲਈ ਮਿਹਨਤ, ਹੌਸਲੇ ਅਤੇ ਸਫਲਤਾ ਦੀ ਪ੍ਰੇਰਣਾ ਵੀ ਬਣੀ ਹੈ
