ਅੰਮ੍ਰਿਤਸਰ ਏਅਰਪੋਰਟ ‘ਤੇ CISF ਦੀ ਵੱਡੀ ਕਾਰਵਾਈ, ਯਾਤਰੀ ਤੋਂ 31,500 ਅਮਰੀਕੀ ਡਾਲਰ ਬਰਾਮਦ

ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF) ਨੇ ਸੁਰੱਖਿਆ ਜਾਂਚ ਦੌਰਾਨ ਇੱਕ ਯਾਤਰੀ ਕੋਲੋਂ ਵੱਡੀ ਮਾਤਰਾ ਵਿੱਚ ਵਿਦੇਸ਼ੀ ਮੁਦਰਾ ਬਰਾਮਦ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਯਾਤਰੀ 31,500 ਅਮਰੀਕੀ ਡਾਲਰ, ਜਿਸ ਦੀ ਭਾਰਤੀ ਕਰੰਸੀ ਮੁਤਾਬਕ ਕੀਮਤ ਲਗਭਗ 30 ਲੱਖ ਰੁਪਏ ਬਣਦੀ ਹੈ, ਲੁਕਾ ਕੇ ਵਿਦੇਸ਼ ਲਿਜਾਣ ਦੀ ਕੋਸ਼ਿਸ਼ ਕਰ ਰਿਹਾ ਸੀ

ਜਾਣਕਾਰੀ ਮੁਤਾਬਕ, ਨਿਯਮਤ ਸੁਰੱਖਿਆ ਜਾਂਚ ਦੌਰਾਨ CISF ਦੇ ਜਵਾਨਾਂ ਨੂੰ ਇੱਕ ਯਾਤਰੀ ਦੀਆਂ ਗਤੀਵਿਧੀਆਂ ਸ਼ੱਕੀ ਲੱਗੀਆਂ। ਇਸ ਤੋਂ ਬਾਅਦ ਉਸ ਦੀ ਵਿਸਥਾਰ ਨਾਲ ਤਲਾਸ਼ੀ ਲਈ ਗਈ। ਜਾਂਚ ਦੌਰਾਨ ਯਾਤਰੀ ਦੇ ਅੰਡਰਗਾਰਮੈਂਟਸ ਵਿੱਚ ਲੁਕਾ ਕੇ ਰੱਖੀ ਗਈ ਵਿਦੇਸ਼ੀ ਮੁਦਰਾ ਬਰਾਮਦ ਹੋਈ

CISF ਅਧਿਕਾਰੀਆਂ ਵੱਲੋਂ ਯਾਤਰੀ ਤੋਂ ਵਿਦੇਸ਼ੀ ਮੁਦਰਾ ਨਾਲ ਸਬੰਧਤ ਜ਼ਰੂਰੀ ਦਸਤਾਵੇਜ਼ ਮੰਗੇ ਗਏ, ਪਰ ਉਹ ਕੋਈ ਵੀ ਸੰਤੋਸ਼ਜਨਕ ਸਬੂਤ ਪੇਸ਼ ਨਹੀਂ ਕਰ ਸਕਿਆ। ਇਸ ਤੋਂ ਬਾਅਦ ਨਿਯਮਾਂ ਅਨੁਸਾਰ ਯਾਤਰੀ ਅਤੇ ਬਰਾਮਦ ਕੀਤੀ ਗਈ ਵਿਦੇਸ਼ੀ ਮੁਦਰਾ ਨੂੰ ਅਗਲੀ ਜਾਂਚ ਲਈ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (DRI) ਦੇ ਹਵਾਲੇ ਕਰ ਦਿੱਤਾ ਗਿਆ

ਫਿਲਹਾਲ ਯਾਤਰੀ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਹੈ। DRI ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਇਹ ਵਿਦੇਸ਼ੀ ਮੁਦਰਾ ਕਿੱਥੋਂ ਆਈ, ਇਸ ਨੂੰ ਕਿਸ ਮਕਸਦ ਨਾਲ ਵਿਦੇਸ਼ ਲਿਜਾਇਆ ਜਾ ਰਿਹਾ ਸੀ ਅਤੇ ਕੀ ਇਸ ਮਾਮਲੇ ਪਿੱਛੇ ਕਿਸੇ ਤਸਕਰੀ ਗਿਰੋਹ ਜਾਂ ਅੰਤਰਰਾਸ਼ਟਰੀ ਨੈੱਟਵਰਕ ਦੀ ਕੋਈ ਭੂਮਿਕਾ ਹੈ

ਸੁਰੱਖਿਆ ਏਜੰਸੀਆਂ ਵੱਲੋਂ ਹਵਾਈ ਅੱਡਿਆਂ ‘ਤੇ ਵਿਦੇਸ਼ੀ ਮੁਦਰਾ ਅਤੇ ਹੋਰ ਗੈਰਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ