E20 ਪੈਟਰੋਲ ਵਿਵਾਦ ’ਤੇ BJP MP ਦਾ ਤਿੱਖਾ ਬਿਆਨ, ਕਿਹਾ—“ਸ਼ੁੱਧ ਪੈਟਰੋਲ ਕੀ ਤੁਹਾਡੇ ਪਿਉ ਦੇ ਘਰੋਂ ਆਵੇਗਾ?”

ਭਾਰਤ ਵਿੱਚ ਪੈਟਰੋਲ ਵਿੱਚ 20 ਫੀਸਦੀ ਐਥਨਾਲ ਮਿਲਾਉਣ ਦੀ ਨੀਤੀ (E20) ਨੂੰ ਲੈ ਕੇ ਚੱਲ ਰਹੀ ਬਹਿਸ ਦਰਮਿਆਨ ਭਾਰਤੀ ਜਨਤਾ ਪਾਰਟੀ (BJP) ਦੇ ਰੀਵਾ ਤੋਂ ਸੰਸਦ ਮੈਂਬਰ ਜਨਾਰਦਨ ਮਿਸ਼ਰਾ ਦਾ ਇੱਕ ਬਿਆਨ ਚਰਚਾ ਵਿੱਚ ਆ ਗਿਆ ਹੈ। ਉਨ੍ਹਾਂ ਨੇ E20 ਪੈਟਰੋਲ ਦਾ ਵਿਰੋਧ ਕਰਨ ਵਾਲਿਆਂ ’ਤੇ ਤਿੱਖਾ ਹਮਲਾ ਕਰਦਿਆਂ ਪੁੱਛਿਆ ਕਿ ਜੇ ਲੋਕ ਸਿਰਫ਼ ਸ਼ੁੱਧ ਪੈਟਰੋਲ ਦੀ ਮੰਗ ਕਰਦੇ ਹਨ ਤਾਂ ਇਹ ਪੈਟਰੋਲ ਆਵੇਗਾ ਕਿੱਥੋਂ?

ਰੀਵਾ ਵਿੱਚ ਨਵੀਆਂ ਉਡਾਣ ਸੇਵਾਵਾਂ ਦੇ ਉਦਘਾਟਨ ਮੌਕੇ ਸੰਬੋਧਨ ਕਰਦਿਆਂ ਮਿਸ਼ਰਾ ਨੇ ਕਿਹਾ ਕਿ ਭਾਰਤ ਆਪਣੀ ਲੋੜ ਦੇ ਤੇਲ ਦਾ ਇੱਕ ਹਿੱਸਾ ਹੀ ਦੇਸ਼ ਵਿੱਚ ਪੈਦਾ ਕਰਦਾ ਹੈ, ਜਦਕਿ ਵੱਡੀ ਮਾਤਰਾ ਵਿੱਚ ਕੱਚਾ ਤੇਲ ਵਿਦੇਸ਼ਾਂ ਤੋਂ ਮੰਗਵਾਉਣਾ ਪੈਂਦਾ ਹੈ। ਉਨ੍ਹਾਂ ਮੁਤਾਬਕ ਮੌਜੂਦਾ ਭੂ-ਰਾਜਨੀਤਿਕ ਹਾਲਾਤ ਅਤੇ ਸਮੁੰਦਰੀ ਰਸਤੇ ਨਾਲ ਜੁੜੀਆਂ ਰੁਕਾਵਟਾਂ ਕਾਰਨ ਤੇਲ ਦੀ ਸਪਲਾਈ ਅਤੇ ਆਵਾਜਾਈ ਹੋਰ ਚੁਣੌਤੀਪੂਰਨ ਹੋ ਗਈ ਹੈ

E20 ਦੇ ਵਿਰੋਧ ’ਤੇ MP ਦਾ ਸਵਾਲ

ਐਥਨਾਲ ਮਿਲੇ ਪੈਟਰੋਲ ਦਾ ਬਚਾਅ ਕਰਦਿਆਂ ਜਨਾਰਦਨ ਮਿਸ਼ਰਾ ਨੇ ਕਿਹਾ ਕਿ ਜਦੋਂ ਕੇਂਦਰ ਸਰਕਾਰ ਪੈਟਰੋਲ ਵਿੱਚ 20 ਫੀਸਦੀ ਐਥਨਾਲ ਮਿਲਾਉਣ ਦੀ ਗੱਲ ਕਰਦੀ ਹੈ ਤਾਂ ਕੁਝ ਲੋਕ ਇਸ ਦਾ ਵਿਰੋਧ ਕਰਦੇ ਹਨ ਅਤੇ ਸ਼ੁੱਧ ਪੈਟਰੋਲ ਦੀ ਮੰਗ ਕਰਦੇ ਹਨ।

ਉਨ੍ਹਾਂ ਨੇ ਤਨਜ਼ੀਆ ਲਹਿਜ਼ੇ ਵਿੱਚ ਕਿਹਾ, “ਸ਼ੁੱਧ ਪੈਟਰੋਲ ਕੀ ਤੁਹਾਡੇ ਪਿਉ ਦੇ ਘਰੋਂ ਆਵੇਗਾ?” ਮਿਸ਼ਰਾ ਨੇ ਅੱਗੇ ਕਿਹਾ ਕਿ ਜੇ ਦੇਸ਼ ਵਿੱਚ ਸ਼ੁੱਧ ਪੈਟਰੋਲ ਉਪਲਬਧ ਹੀ ਨਹੀਂ ਹੈ ਤਾਂ ਇਸ ਦੀ ਸਪਲਾਈ ਕਿੱਥੋਂ ਹੋਵੇਗੀ

ਬ੍ਰਾਜ਼ੀਲ ਦੀ ਦਿੱਤੀ ਉਦਾਹਰਨ

BJP ਸੰਸਦ ਮੈਂਬਰ ਨੇ ਐਥਨਾਲ ਦੀ ਵਰਤੋਂ ਬਾਰੇ ਬ੍ਰਾਜ਼ੀਲ ਦੀ ਉਦਾਹਰਨ ਵੀ ਦਿੱਤੀ। ਉਨ੍ਹਾਂ ਦਾ ਦਾਅਵਾ ਸੀ ਕਿ ਉੱਥੇ ਵਾਹਨਾਂ ਵਿੱਚ ਵੱਡੀ ਮਾਤਰਾ ਵਿੱਚ ਐਥਨਾਲ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਵਾਹਨਾਂ ਨੂੰ ਇਸ ਕਾਰਨ ਕੋਈ ਵੱਡੀ ਸਮੱਸਿਆ ਨਹੀਂ ਆਉਂਦੀ।

ਮਿਸ਼ਰਾ ਨੇ ਕਿਹਾ ਕਿ ਭਾਰਤ ਵਿੱਚ ਵੀ ਵਾਹਨ ਐਥਨਾਲ-ਮਿਸ਼ਰਤ ਈਂਧਨ ਦੀ ਵਰਤੋਂ ਕਰਨ ਦੇ ਸਮਰੱਥ ਹਨ। ਉਨ੍ਹਾਂ ਮੁਤਾਬਕ ਆਟੋਮੋਬਾਈਲ ਕੰਪਨੀਆਂ ਵੀ ਇਸ ਸਬੰਧੀ ਵਾਹਨਾਂ ਦੇ ਇੰਜਣਾਂ ਦੀ ਸਮਰੱਥਾ ਬਾਰੇ ਭਰੋਸਾ ਜਤਾ ਚੁੱਕੀਆਂ ਹਨ