ਲਾਈਵ ਇੰਟਰਵਿਊ ਵਿਚਾਲੇ ਭੜਕੇ ਅਮਰੀਕੀ ਰਾਸ਼ਟਰਪਤੀ ਟਰੰਪ; ਮਹਿਲਾ ਪੱਤਰਕਾਰ ‘ਤੇ ਕੱਢਿਆ ਗੁੱਸਾ, ਮਾਈਕ ਲਾਹ ਕੇ ਅੱਧਵਿਚਾਲੇ ਛੱਡਿਆ ਸ਼ੋਅ

ਵਿਸਕੌਨਸਿਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇੱਕ ਵਾਰ ਫਿਰ ਮੀਡੀਆ ਨਾਲ ਆਪਣੇ ਟਕਰਾਅ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਇੱਕ ਟੀਵੀ ਚੈਨਲ ਨੂੰ ਦਿੱਤੇ ਜਾ ਰਹੇ ਇੰਟਰਵਿਊ ਦੌਰਾਨ ਟਰੰਪ ਇਸ ਕਦਰ ਭੜਕ ਗਏ ਕਿ ਉਹ ਮਹਿਲਾ ਐਂਕਰ ‘ਤੇ ਗੁੱਸਾ ਕੱਢਦੇ ਹੋਏ, ਲਾਈਵ ਸ਼ੋਅ ਦੌਰਾਨ ਆਪਣਾ ਮਾਈਕ ਉਤਾਰ ਕੇ ਉੱਥੋਂ ਇੰਟਰਵਿਊ ਛੱਡਕੇ ਚਲੇ ਗਏ। ਜਾਂਦੇ ਹੋਏ ਉਨ੍ਹਾਂ ਨੇ ਐਂਕਰ ਨੂੰ ਬੜੇ ਰੁੱਖੇ ਲਹਿਜੇ ਵਿੱਚ ਕਿਹਾ, “ਥੈਂਕ ਯੂ, ਡਾਰਲਿੰਗ। HAVE A ਗੁੱਡ ਟਾਈਮ

ਕਿੱਥੇ ਅਤੇ ਕਿਉਂ ਹੋਇਆ ਇਹ ਹੰਗਾਮਾ?
ਇਹ ਪੂਰਾ ਵਿਵਾਦ ਵਿਸਕੌਨਸਿਨ ਦੇ ਚਿੱਪੇਵਾ ਫਾਲਸ ਵਿੱਚ ਇੱਕ ਫਾਰਮ ਹਾਊਸ ‘ਤੇ ਰਿਕਾਰਡ ਕੀਤੇ ਜਾ ਰਹੇ NBC ਨਿਊਜ਼ ਦੇ ਮਸ਼ਹੂਰ ਪ੍ਰੋਗਰਾਮ ‘ਮੀਟ ਦ ਪ੍ਰੈਸ’ (Meet the Press) ਦੌਰਾਨ ਹੋਇਆ। ਇਸ ਸ਼ੋਅ ਦੀ ਹੋਸਟ ਪ੍ਰਸਿੱਧ ਮਹਿਲਾ ਪੱਤਰਕਾਰ ਕ੍ਰਿਸਟਨ ਵੇਲਕਰ (Kristen Welker) ਸਨ। ਦੁਬਾਰਾ ਰਾਸ਼ਟਰਪਤੀ ਬਣਨ ਤੋਂ ਬਾਅਦ ਟਰੰਪ ਦਾ ਇਸ ਚੈਨਲ ‘ਤੇ ਇਹ ਪਹਿਲਾ ਇੰਟਰਵਿਊ ਸੀ

ਕਿਹੜੇ ਸਵਾਲ ‘ਤੇ ਭੜਕੇ ਰਾਸ਼ਟਰਪਤੀ ਟਰੰਪ?
ਇੰਟਰਵਿਊ ਦੀ ਸ਼ੁਰੂਆਤ ਅਮਰੀਕਾ-ਈਰਾਨ ਟਕਰਾਅ, ਤੇਲ ਦੀਆਂ ਕੀਮਤਾਂ, ਰੁਜ਼ਗਾਰ ਦੇ ਅੰਕੜਿਆਂ ਅਤੇ ਟਰੰਪ ਦੇ ਨਵੇਂ ‘ਐਂਟੀ-ਵੈਪਨਾਈਜ਼ੇਸ਼ਨ’ ਫੰਡ ਵਰਗੇ ਗੰਭੀਰ ਮੁੱਦਿਆਂ ਨਾਲ ਹੋਈ ਸੀ। ਪਰ ਮਾਹੌਲ ਉਦੋਂ ਗਰਮਾ ਗਿਆ ਜਦੋਂ ਐਂਕਰ ਕ੍ਰਿਸਟਨ ਵੇਲਕਰ ਨੇ ਟਰੰਪ ਦੇ ਪੁਰਾਣੇ ਦਾਅਵਿਆਂ ‘ਤੇ ਸਵਾਲ ਚੁੱਕੇ

ਚੋਣਾਂ ‘ਚ ਗੜਬੜੀ ਦੇ ਦਾਅਵੇ: ਜਦੋਂ ਐਂਕਰ ਨੇ 2020 ਦੀਆਂ ਰਾਸ਼ਟਰਪਤੀ ਚੋਣਾਂ ਅਤੇ ਹਾਲ ਹੀ ਵਿੱਚ ਕੈਲੀਫੋਰਨੀਆ ਦੀਆਂ ਪ੍ਰਾਇਮਰੀ ਚੋਣਾਂ ਦੇ ‘ਫਿਕਸ’ (Rigged) ਹੋਣ ਦੇ ਦਾਅਵਿਆਂ ‘ਤੇ ਟਰੰਪ ਕੋਲੋਂ ਪੁਖ਼ਤਾ ਸਬੂਤ ਮੰਗੇ, ਤਾਂ ਟਰੰਪ ਬਿਨਾਂ ਕੋਈ ਸਬੂਤ ਦਿੱਤੇ ਕਹਿਣ ਲੱਗੇ ਕਿ “ਇਸ ਦੇ ਬਹੁਤ ਵੱਡੇ ਸਬੂਤ ਮੌਜੂਦ ਹਨ।”

ਜਦੋਂ ਵੇਲਕਰ ਨੇ ਸਵਾਲਾਂ ਦਾ ਸਿਲਸਿਲਾ ਜਾਰੀ ਰੱਖਿਆ, ਤਾਂ ਟਰੰਪ ਨੇ ਗੁੱਸੇ ਵਿੱਚ ਆ ਕੇ ਕਿਹਾ, “ਤੁਸੀਂ ਜਾਂ ਤਾਂ ਬੇਈਮਾਨ ਹੋ ਜਾਂ ਫਿਰ ਮੂਰਖ। ਤੁਹਾਡਾ ਪੂਰਾ ਨੈੱਟਵਰਕ ਹੀ ਇੱਕਤਰਫ਼ਾ ਅਤੇ ਬੇਈਮਾਨ ਹੈ।”

“ਮੈਨੂੰ ਮੁਆਫ਼ ਕਰੋ, ਹੁਣ ਇਸ ਨੂੰ ਇੱਥੇ ਹੀ ਖ਼ਤਮ ਕਰਦੇ ਹਾਂ ਕਿਉਂਕਿ ਮੇਰੇ ਲਈ ਹੁਣ ਇਹ ਬਹੁਤ ਹੋ ਗਿਆ ਹੈ।”
— ਮਾਈਕ ਉਤਾਰਦੇ ਹੋਏ ਡੋਨਾਲਡ ਟਰੰਪ ਦੇ ਆਖਰੀ ਸ਼ਬਦ

‘ਮੈਂ ਮੀਂਹ ਵਿੱਚ ਇੱਕ ਘੰਟਾ ਬੈਠਾ ਰਿਹਾ’
ਜਦੋਂ ਰਾਸ਼ਟਰਪਤੀ ਟਰੰਪ ਇੰਟਰਵਿਊ ਛੱਡ ਕੇ ਜਾਣ ਲੱਗੇ, ਤਾਂ ਪੱਤਰਕਾਰ ਕ੍ਰਿਸਟਨ ਵੇਲਕਰ ਨੇ ਉਨ੍ਹਾਂ ਨੂੰ ਰੁਕਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਉਹ ਇਸ ਇੰਟਰਵਿਊ ਲਈ ਵਿਸ਼ੇਸ਼ ਤੌਰ ‘ਤੇ ਵਾਸ਼ਿੰਗਟਨ ਤੋਂ ਇੱਥੇ ਪਹੁੰਚੀ ਹੈ। ਇਸ ‘ਤੇ ਟਰੰਪ ਨੇ ਜਵਾਬ ਦਿੱਤਾ ਕਿ ਉਹ ਵੀ ਉਨ੍ਹਾਂ ਨਾਲ “ਮੀਂਹ ਵਿੱਚ ਇੱਕ ਘੰਟਾ ਬੈਠੇ ਰਹੇ” ਹਨ ਅਤੇ ਉਹ ਕਾਫੀ ਸਮਾਂ ਦੇ ਚੁੱਕੇ ਹਨ। ਜਾਂਦੇ-ਜਾਂਦੇ ਉਨ੍ਹਾਂ ਨੇ ਮੀਡੀਆ ‘ਤੇ ਤਨਜ਼ ਕੱਸਦਿਆਂ ਕਿਹਾ, “ਇੱਕ ਬੇਈਮਾਨ ਪ੍ਰੈਸ ਦੇ ਹੁੰਦਿਆਂ ਕੋਈ ਵੀ ਦੇਸ਼ ਕਦੇ ਮਹਾਨ ਨਹੀਂ ਬਣ ਸਕਦਾ।”

ਬਾਅਦ ਵਿੱਚ ਖੁਦ ਮੰਨਿਆ ਗੁੱਸਾ ਹੋਣ ਦਾ ਕਾਰਨ
ਇਸ ਘਟਨਾ ਤੋਂ ਤੁਰੰਤ ਬਾਅਦ ਟਰੰਪ ਕਿਸਾਨਾਂ ਦੇ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਪਹੁੰਚੇ। ਉੱਥੇ ਉਨ੍ਹਾਂ ਨੇ ਜਨਤਕ ਤੌਰ ‘ਤੇ ਮੰਨਿਆ ਕਿ ਉਹ ਇੰਟਰਵਿਊ ਦੌਰਾਨ ਗੁੱਸੇ ਵਿੱਚ ਸਨ। ਟਰੰਪ ਨੇ ਹੱਸਦਿਆਂ ਹੋਇਆਂ ਭੀੜ ਨੂੰ ਕਿਹਾ, “ਉੱਥੇ ਮੀਂਹ ਪੈ ਰਿਹਾ ਸੀ, ਜਿਸ ਕਰਕੇ ਮੈਨੂੰ ਉਨ੍ਹਾਂ (ਮੀਡੀਆ) ‘ਤੇ ਥੋੜ੍ਹਾ ਜਿਹਾ ਗੁੱਸਾ ਆ ਗਿਆ