ਕਾਕਰੋਚ ਜਨਤਾ ਪਾਰਟੀ ਜਲਦੀ ਹੀ ਸ਼ੁਰੂ ਕਰੇਗੀ ‘ਜੰਤਰ-ਮੰਤਰ ਦਾ ਸੀਜ਼ਨ 2’

ਨਵੀਂ ਦਿੱਲੀ: ਕਾਕਰੋਚ ਜਨਤਾ ਪਾਰਟੀ (ਸੀ.ਜੇ.ਪੀ.) ਦੇ ਸੰਸਥਾਪਕ ਅਭਿਜੀਤ ਦਿਪਕੇ ਨੇ ਇੱਕ ਜਨਤਕ ਸਭਾ ਨੂੰ ਸੰਬੋਧਨ ਕਰਦਿਆਂ ਵੱਡਾ ਐਲਾਨ ਕੀਤਾ ਹੈ ਕਿ ਵਿਦਿਆਰਥੀ ਪ੍ਰਦਰਸ਼ਨਾਂ ਦੀ ਤਰਜ਼ ’ਤੇ ਜਲਦੀ ਹੀ ਜੰਤਰ-ਮੰਤਰ ਦਾ ਸੀਜ਼ਨ 2’ ਸ਼ੁਰੂ ਕੀਤਾ ਜਾਵੇਗਾ।

ਦਿਪਕੇ ਨੇ ਕਿਹਾ ਕਿ ਸੋਸ਼ਲ ਮੀਡੀਆ (ਖਾਸ ਕਰਕੇ ਇੰਸਟਾਗ੍ਰਾਮ) ਉੱਤੇ ਲੋਕ ਲਗਾਤਾਰ ਪੁੱਛ ਰਹੇ ਸਨ ਕਿ ਇਹ ਅੰਦੋਲਨ ਕਦੋਂ ਸ਼ੁਰੂ ਹੋਵੇਗਾ, ਅਤੇ ਹੁਣ ਉਹ ਸਮਾਂ ਆ ਗਿਆ ਹੈ।

ਪ੍ਰਸ਼ਾਸਨਿਕ ਦਬਾਅ ਦਾ ਦੋਸ਼

ਇਸ ਮੌਕੇ ਦਿਪਕੇ ਨੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਦਿੱਲੀ ਵਿੱਚ ਉਨ੍ਹਾਂ ਦੀ ਪਾਰਟੀ ਨੂੰ ਵਲੰਟੀਅਰਾਂ ਦੀ ਮੀਟਿੰਗ ਲਈ ਕੋਈ ਵੀ ਹਾਲ ਕਿਰਾਏ ’ਤੇ ਨਹੀਂ ਮਿਲਿਆ। ਉਨ੍ਹਾਂ ਦੱਸਿਆ “ਸਾਡਾ ਅੱਜ ਦਿੱਲੀ ਵਿੱਚ ਵਲੰਟੀਅਰਾਂ ਦੀ ਮੀਟਿੰਗ ਕਰਨ ਦਾ ਪ੍ਰੋਗਰਾਮ ਸੀ। ਅਸੀਂ ਕਾਫ਼ੀ ਹਾਲ ਲੱਭੇ, ਪਰ ਹਰ ਹਾਲ ਮਾਲਕ ਨੇ ਉੱਪਰੋਂ ਦਬਾਅ ਦਾ ਹਵਾਲਾ ਦੇ ਕੇ ਮੀਟਿੰਗ ਲਈ ਜਗ੍ਹਾ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ।”

ਪਾਰਟੀ ਆਗੂ ਨੇ ਦਾਅਵਾ ਕੀਤਾ ਕਿ ਅਜਿਹੇ ਦਬਾਅ ਉਨ੍ਹਾਂ ਦੇ ਹੌਸਲੇ ਨੂੰ ਕਮਜ਼ੋਰ ਨਹੀਂ ਕਰ ਸਕਦੇ ਅਤੇ ਉਹ ਆਪਣੀ ਯੋਜਨਾ ਮੁਤਾਬਕ ਅੱਗੇ ਵਧਣਗੇ।