ਜਲੰਧਰ: ਜਲੰਧਰ ਦੇ ਪ੍ਰਸਿੱਧ ਦੇਵੀ ਤਾਲਾਬ ਮੰਦਰ ਵਿੱਚ ਐਤਵਾਰ ਸ਼ਾਮ ਨੂੰ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਆਮ ਆਦਮੀ ਪਾਰਟੀ (AAP) ਦੇ ਹਲਕਾ ਇੰਚਾਰਜ ਅਤੇ ਮੇਅਰ ਵਿਨੀਤ ਧੀਰ ਦੀ ਮੌਜੂਦਗੀ ਵਿੱਚ ਦੋ ਗੁੱਟਾਂ ਵਿਚਾਲੇ ਤਕਰਾਰ ਹੋ ਗਈ। ਇਸ ਦੌਰਾਨ ਮਾਮਲਾ ਇੰਨਾ ਵੱਧ ਗਿਆ ਕਿ ਦੋਵਾਂ ਪਾਸਿਆਂ ਤੋਂ ਇੱਟਾਂ ਅਤੇ ਪੱਥਰ ਚੱਲਣ ਦੀ ਜਾਣਕਾਰੀ ਸਾਹਮਣੇ ਆਈ ਹੈ
ਜਾਣਕਾਰੀ ਮੁਤਾਬਕ ਮੇਅਰ ਵਿਨੀਤ ਧੀਰ ਵੱਲੋਂ ਆਪਣੀ ਸ਼ੁਕਰਾਨਾ ਯਾਤਰਾ ਕੱਢੀ ਜਾ ਰਹੀ ਸੀ। ਯਾਤਰਾ ਦੌਰਾਨ ਮੰਦਰ ਪਰਿਸਰ ਵਿੱਚ ਮੌਜੂਦ ਕੁਝ ਨੌਜਵਾਨਾਂ ਵਿਚਾਲੇ ਬਹਿਸ ਸ਼ੁਰੂ ਹੋ ਗਈ, ਜੋ ਬਾਅਦ ਵਿੱਚ ਝਗੜੇ ਵਿੱਚ ਬਦਲ ਗਈ
ਦੱਸਿਆ ਜਾ ਰਿਹਾ ਹੈ ਕਿ ਮੌਕੇ ’ਤੇ ਫਤਿਹ ਗੈਂਗ ਅਤੇ ਭਾਨਾ ਗੈਂਗ ਨਾਲ ਜੁੜੇ ਮੈਂਬਰ ਆਹਮੋ-ਸਾਹਮਣੇ ਆ ਗਏ। ਦੋਵਾਂ ਧਿਰਾਂ ਵਿਚਾਲੇ ਹੋਈ ਤਕਰਾਰ ਤੋਂ ਬਾਅਦ ਹਾਲਾਤ ਤਣਾਅਪੂਰਨ ਹੋ ਗਏ ਅਤੇ ਪੱਥਰਬਾਜ਼ੀ ਹੋਈ
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਸਥਿਤੀ ਨੂੰ ਕਾਬੂ ਕੀਤਾ। ਪੁਲਿਸ ਨੇ ਕਾਰਵਾਈ ਕਰਦਿਆਂ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਹੈ। ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਫੁਟੇਜ ਸਮੇਤ ਹੋਰ ਸਬੂਤ ਇਕੱਠੇ ਕੀਤੇ ਜਾ ਰਹੇ ਹਨ
ਪੁਲਿਸ ਦਾ ਕਹਿਣਾ ਹੈ ਕਿ ਝਗੜੇ ਦੇ ਅਸਲ ਕਾਰਨਾਂ ਦਾ ਪਤਾ ਜਾਂਚ ਤੋਂ ਬਾਅਦ ਹੀ ਲੱਗ ਸਕੇਗਾ। ਮੰਦਰ ਵਰਗੇ ਧਾਰਮਿਕ ਸਥਾਨ ’ਤੇ ਵਾਪਰੀ ਇਸ ਘਟਨਾ ਤੋਂ ਬਾਅਦ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਵੀ ਸਵਾਲ ਖੜ੍ਹੇ ਹੋ ਰਹੇ ਹਨ
