ਸਿੱਖਿਅਕਾਂ ਦੀ ਇੱਕ ਗੈਰ-ਮੁਨਾਫ਼ਾ ਸੰਸਥਾ (NAFSA) ਅਤੇ ਖੋਜ ਫਰਮ ਜੇ.ਬੀ. ਇੰਟਰਨੈਸ਼ਨਲ ਦੀ ਇੱਕ ਨਵੀਂ ਰਿਪੋਰਟ ਸਾਹਮਣੇ ਆਈ ਹੈ। ਇਸ ਰਿਪੋਰਟ ਅਨੁਸਾਰ, ਸਖ਼ਤ ਵੀਜ਼ਾ ਨਿਯਮਾਂ ਅਤੇ ਨੀਤੀਗਤ ਅਨਿਸ਼ਚਿਤਤਾਵਾਂ ਕਾਰਨ 2026 ਦੇ ਸਮੈਸਟਰ ਦੌਰਾਨ ਅਮਰੀਕੀ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਵਿੱਚ 1,10,000 ਤੱਕ ਦੀ ਵੱਡੀ ਗਿਰਾਵਟ ਆਉਣ ਦਾ ਖਦਸ਼ਾ ਹੈ।
ਦਾਖਲਿਆਂ ਵਿੱਚ ਆਈ ਕਮੀ
ਰਿਪੋਰਟ ਦੇ ਮੁਤਾਬਕ, 2025-26 ਦੇ ਸਮੈਸਟਰ ਲਈ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਦਾਖਲਾ ਲਗਭਗ 1.169 ਮਿਲੀਅਨ (11.69 ਲੱਖ) ਸੀ, ਜੋ ਇਸ ਸਾਲ ਘਟ ਕੇ 1.057 ਮਿਲੀਅਨ (10.57 ਲੱਖ) ਰਹਿ ਗਿਆ ਹੈ। ਵਿਦਿਆਰਥੀਆਂ ਦੀ ਗਿਣਤੀ ਵਿੱਚ ਇਸ ਘਾਟੇ ਦਾ ਮੁੱਖ ਕਾਰਨ ਅਮਰੀਕਾ ਦੀਆਂ ਬਦਲਦੀਆਂ ਪ੍ਰਵਾਸੀ ਨੀਤੀਆਂ ਅਤੇ ਵੀਜ਼ਾ ਪ੍ਰਕਿਰਿਆ ਵਿੱਚ ਆ ਰਹੀਆਂ ਅੜਿੱਕਿਆਂ ਨੂੰ ਮੰਨਿਆ ਜਾ ਰਿਹਾ ਹੈ।
ਆਰਥਿਕ ਅਤੇ ਰੁਜ਼ਗਾਰ ਉੱਤੇ ਅਸਰ
ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਘਟਣ ਨਾਲ ਅਮਰੀਕਾ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪੈ ਸਕਦਾ ਹੈ:
- ਸਥਾਨਕ ਖਰਚ ਅਤੇ ਮਾਲੀਏ ਵਿੱਚ 3.4 ਬਿਲੀਅਨ ਡਾਲਰ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ।
- ਇਸ ਸਥਿਤੀ ਕਾਰਨ ਦੇਸ਼ ਭਰ ਵਿੱਚ ਲਗਭਗ 39,000 ਨੌਕਰੀਆਂ ਸਿੱਧੇ ਤੌਰ ‘ਤੇ ਪ੍ਰਭਾਵਿਤ ਹੋ ਸਕਦੀਆਂ ਹਨ।
