ਨਵਾਂਸ਼ਹਿਰ ਤੀਆਂ ਦੇ ਤਿਓਹਾਰ ‘ਚ ਪਹੁੰਚੇ ਡਾ. ਗੁਰਪ੍ਰੀਤ ਕੌਰ

ਐੱਸ.ਬੀ.ਐੱਸ. ਨਗਰ : ਤੀਆਂ ਦੇ ਤਿਓਹਾਰ ਨੂੰ ਸਮਰਪਿਤ ਇੱਕ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਅੱਜ ਬਲੂ ਮੂਨ ਰਿਜ਼ੋਰਟ ਵਿਖੇ ਕੀਤਾ ਗਿਆ, ਜਿਸ ਵਿੱਚ ਡਾ. ਗੁਰਪ੍ਰੀਤ ਕੌਰ ਮਾਨ ਧਰਮ ਪਤਨੀ ਸਰਦਾਰ ਭਗਵੰਤ ਸਿੰਘ ਮਾਨ (ਮਾਣਯੋਗ ਮੁੱਖ ਮੰਤਰੀ ਪੰਜਾਬ) ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਪ੍ਰੋਗਰਾਮ ਵਿੱਚ ਮੌਜੂਦ ਮਹਿਲਾਵਾਂ ਸਭ ਨਾਲ ਮਿਲ ਕੇ ਤੀਆਂ ਦੀਆਂ ਖ਼ੁਸ਼ੀਆਂ ਸਾਂਝੀਆਂ ਕੀਤੀਆਂ। ਇਸ ਮੌਕੇ ਪੰਜਾਬੀ ਵਿਰਸੇ, ਸੱਭਿਆਚਾਰ ਅਤੇ ਸਮਾਜ ਵਿੱਚ ਔਰਤਾਂ ਦੇ ਬੇਮਿਸਾਲ ਯੋਗਦਾਨ ਦੀ ਖਾਸ ਤੌਰ ‘ਤੇ ਸ਼ਲਾਘਾ ਕੀਤੀ ਗਈ। ਵਿਧਾਇਕ ਸੰਤੋਸ਼ ਕਟਾਰੀਆ, ਡਾਕਟਰ ਸੁਖਵਿੰਦਰ ਕੁਮਾਰ ਸੁਖੀ, ਚੇਅਰਪਰਸਨ ਪੰਜਾਬ ਰਾਜ ਮਹਿਲਾ ਕਮਿਸ਼ਨ ਰਾਜੀ ਲਾਲੀ ਗਿੱਲ, ਹਲਕਾ ਇੰਚਾਰਜ ਜਸਪ੍ਰੀਤ ਸਿੰਘ ਰੌਬੀ ਕੰਗ ਵੀ ਉਨ੍ਹਾਂ ਨਾਲ ਮੌਜੂਦ ਸਨ।

ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਗੁਰਪ੍ਰੀਤ ਕੌਰ ਮਾਨ ਨੇ ਕਿਹਾ:
“ਤੀਆਂ ਸਾਡੇ ਪੰਜਾਬੀ ਵਿਰਸੇ ਦਾ ਆਤਮਿਕ ਹਿੱਸਾ ਹਨ, ਜੋ ਔਰਤਾਂ ਵਿਚਕਾਰ ਆਪਸੀ ਪ੍ਰੇਮ, ਪਿਆਰ ਅਤੇ ਖ਼ੁਸ਼ੀਆਂ ਦਾ ਸੁਨੇਹਾ ਦਿੰਦੀਆਂ ਹਨ। ਅੱਜ ਦੇ ਦੌਰ ਵਿੱਚ ਸਾਡੀਆਂ ਧੀਆਂ ਹਰ ਖੇਤਰ ਵਿੱਚ ਮੋਹਰੀ ਹੋ ਕੇ ਆਪਣੀ ਯੋਗਤਾ ਦਾ ਲੋਹਾ ਮਨਵਾ ਰਹੀਆਂ ਹਨ। ਔਰਤਾਂ ਦੀ ਤਰੱਕੀ ਤੋਂ ਬਿਨਾਂ ਕਿਸੇ ਵੀ ਸਮਾਜ ਦਾ ਵਿਕਾਸ ਅਧੂਰਾ ਹੈ।”

ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਮਹਿਲਾਵਾਂ ਦੇ ਮਾਣ-ਸਤਿਕਾਰ ਨੂੰ ਬਹਾਲ ਰੱਖਣ ਲਈ ਇੱਕ ਇਤਿਹਾਸਕ ਕਦਮ ਹੈ। ਧੀਆਂ ਨੂੰ ਬਰਾਬਰੀ ਦੇ ਮੌਕੇ ਅਤੇ ਯੋਗ ਸਨਮਾਨ ਦੇ ਕੇ ਹੀ ਇੱਕ ਖ਼ੁਸ਼ਹਾਲ ਅਤੇ ਮਜ਼ਬੂਤ ਸਮਾਜ ਦੀ ਸਿਰਜਣਾ ਸੰਭਵ ਹੈ।
ਸਮਾਗਮ ਦੌਰਾਨ ਮੁਟਿਆਰਾਂ ਵੱਲੋਂ ਪੰਜਾਬੀ ਵਿਰਸੇ ਨੂੰ ਦਰਸਾਉਂਦਾ ਬੇਹੱਦ ਸ਼ਾਨਦਾਰ ਪ੍ਰੋਗਰਾਮ ਪੇਸ਼ ਕੀਤਾ ਗਿਆ। ਗਿੱਧੇ ਦੀਆਂ ਧਮਾਲਾਂ, ਰਵਾਇਤੀ ਲੋਕ-ਗੀਤਾਂ ਅਤੇ ਬੋਲੀਆਂ ਨਾਲ ਰਿਜ਼ੋਰਟ ਦਾ ਵਾਤਾਵਰਨ ਪੂਰੀ ਤਰ੍ਹਾਂ ਤੀਆਂ ਦੇ ਰੰਗ ਵਿੱਚ ਰੰਗਿਆ ਗਿਆ।

ਡਾ. ਮਾਨ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਸਾਡੀ ਨਵੀਂ ਪੀੜ੍ਹੀ ਨੂੰ ਆਪਣੇ ਮੁੱਲਾਂ ਅਤੇ ਅਮੀਰ ਵਿਰਸੇ ਨਾਲ ਜੋੜੀ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਨੇ ਸਾਰਿਆਂ ਨੂੰ ਤੀਆਂ ਦੀ ਵਧਾਈ ਦਿੰਦਿਆਂ ਪੰਜਾਬੀ ਸੱਭਿਆਚਾਰ ਨੂੰ ਸੰਭਾਲਣ ਅਤੇ ਅੱਗੇ ਵਧਾਉਣ ਦਾ ਸੱਦਾ ਦਿੱਤਾ।

ਉਨ੍ਹਾਂ ਨੇ ਇਸ ਮਹੱਤਵਪੂਰਨ ਪ੍ਰੋਗਰਾਮ ਦੇ ਆਯੋਜਨ ਲਈ ਹਲਕਾ ਇੰਚਾਰਜ ਜਸਪ੍ਰੀਤ ਸਿੰਘ ਰੌਬੀ ਕੰਗ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੇ ਪ੍ਰੋਗਰਾਮ ਸਾਨੂੰ ਅਪਣੇ ਅਮੀਰ ਵਿਰਸੇ ਨਾਲ ਜੋੜੀ ਰੱਖਦੇ ਹਨ