ਹਰਸਿਮਰਤ ਕੌਰ ਬਾਦਲ ਨੇ ਸੁਖਬੀਰ ਬਾਦਲ ’ਤੇ ਹੋਏ ਹਮਲੇ ਦੀ NIA ਜਾਂਚ ਕਰਵਾਉਣ ਦੀ ਕੀਤੀ ਮੰਗ

ਸ਼੍ਰੋਮਣੀ ਅਕਾਲੀ ਦਲ (ਬ) ਦੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਮਹਾਰਾਸ਼ਟਰ ਦੇ ਨਾਂਦੇੜ ਵਿੱਚ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਦੀ ਐਨ.ਆਈ.ਏ. (NIA) ਤੋਂ ਵਿਆਪਕ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।

ਇਸ ਜਾਨਲੇਵਾ ਹਮਲੇ ਨੂੰ ਗੰਭੀਰ ਮਾਮਲਾ ਕਰਾਰ ਦਿੰਦਿਆਂ ਹਰਸਿਮਰਤ ਕੌਰ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੁਖਬੀਰ ਸਿੰਘ ਬਾਦਲ ‘ਤੇ ਹੋਏ ਪਹਿਲੇ ਹਮਲੇ ਨਾਲ ਇਸਦੀਆਂ ਸਮਾਨਤਾਵਾਂ ਵੱਲ ਇਸ਼ਾਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਦੋਵੇਂ ਘਟਨਾਵਾਂ ਪਵਿੱਤਰ ਧਾਰਮਿਕ ਅਸਥਾਨਾਂ ਦੇ ਅੰਦਰ ਉਦੋਂ ਵਾਪਰੀਆਂ ਜਦੋਂ ਉਹ ਅਧਿਆਤਮਕ ਸੇਵਾ ਵਿੱਚ ਰੁੱਝੇ ਹੋਏ ਸਨ। ਥੋੜ੍ਹੇ ਸਮੇਂ ਵਿੱਚ ਦੋ ਵਾਰ ਜਾਨੋਂ ਮਾਰਨ ਦੀਆਂ ਕੋਸ਼ਿਸ਼ਾਂ ਹੋਣ ਕਾਰਨ ਉਨ੍ਹਾਂ ਨੇ ਸਥਾਨਕ ਸੁਰੱਖਿਆ ਪ੍ਰਣਾਲੀਆਂ ਅਤੇ ਜਵਾਬਦੇਹੀ ‘ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ।

ਅਕਾਲੀ ਆਗੂ ਨੇ ਖ਼ਦਸ਼ਾ ਜਤਾਇਆ ਹੈ ਕਿ ਨਾਂਦੇੜ ਦਾ ਇਹ ਹਮਲਾ ਪੰਜਾਬ ਨੂੰ ਅਸਥਿਰ ਕਰਨ ਅਤੇ ਭਾਈਚਾਰੇ ਦੇ ਅਕਸ ਨੂੰ ਨੁਕਸਾਨ ਪਹੁੰਚਾਉਣ ਲਈ ਕਿਸੇ ਅੰਤਰ-ਰਾਜੀ ਜਾਂ ਅੰਤਰਰਾਸ਼ਟਰੀ ਸਾਜ਼ਿਸ਼ ਦਾ ਹਿੱਸਾ ਹੋ ਸਕਦਾ ਹੈ। ਸੁਰੱਖਿਆ ਵਿੱਚ ਕਮੀਆਂ ਅਤੇ ਪਿਛਲੀਆਂ ਜਾਂਚਾਂ ਦੇ ਸ਼ੱਕੀ ਹਾਲਾਤਾਂ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਜ਼ੋਰ ਦਿੱਤਾ ਕਿ ਸਿਰਫ਼ ਇੱਕ ਆਜ਼ਾਦ ਕੇਂਦਰੀ ਜਾਂਚ ਹੀ ਘਟਨਾਵਾਂ ਦੀ ਪੂਰੀ ਲੜੀ ਨੂੰ ਬੇਨਕਾਬ ਕਰ ਸਕਦੀ ਹੈ, ਸਾਜ਼ਿਸ਼ ਘੜ੍ਹਨ ਵਾਲਿਆਂ ਦੀ ਪਛਾਣ ਕਰ ਸਕਦੀ ਹੈ ਅਤੇ ਇਨ੍ਹਾਂ ਨਿਸ਼ਾਨਾ ਬਣਾਏ ਗਏ ਹਮਲਿਆਂ ਵਿਚਕਾਰ ਸੰਭਾਵੀ ਸਬੰਧਾਂ ਦਾ ਪਤਾ ਲਗਾ ਸਕਦੀ ਹੈ।