ਸ਼ੇਰ-ਏ-ਪੰਜਾਬ ਟੀ-20 ਲੀਗ ਦਾ ਆਗਾਜ਼: ਅੱਜ ਤੋਂ ਮੁਹਾਲੀ ਅਤੇ ਮੁੱਲਾਂਪੁਰ ਵਿੱਚ ਲੱਗੇਗਾ ਕ੍ਰਿਕਟ ਦਾ ਮੇਲਾ

ਚੰਡੀਗੜ੍ਹ: ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ.ਸੀ.ਏ.) ਵੱਲੋਂ ਕਰਵਾਈ ਜਾ ਰਹੀ ‘ਸ਼ੇਰ-ਏ-ਪੰਜਾਬ ਟੀ-20 ਲੀਗ’ ਦਾ ਰੋਮਾਂਚ ਅੱਜ ਯਾਨੀ 30 ਅਗਸਤ ਐਤਵਾਰ ਤੋਂ ਸ਼ੁਰੂ ਹੋ ਰਿਹਾ ਹੈ। ਪਹਿਲੀ ਵਾਰ ਫਰੈਂਚਾਈਜ਼ੀ ਆਧਾਰ ‘ਤੇ ਹੋਈ ਨਿਲਾਮੀ ਤੋਂ ਬਾਅਦ ਬਣੀਆਂ 6 ਟੀਮਾਂ ਇਸ ਟੂਰਨਾਮੈਂਟ ਵਿੱਚ ਖਿਤਾਬ ਲਈ ਭਿੜਨਗੀਆਂ, ਜਿਸ ਵਿੱਚ ਭਾਰਤੀ ਕ੍ਰਿਕਟ ਦੇ ਨਾਮੀ ਸਿਤਾਰੇ ਵੀ ਐਕਸ਼ਨ ਵਿੱਚ ਨਜ਼ਰ ਆਉਣਗੇ।

13 ਸਤੰਬਰ ਤੱਕ ਚੱਲਣ ਵਾਲੇ ਇਸ ਟੂਰਨਾਮੈਂਟ ਦੌਰਾਨ ਕੁੱਲ 27 ਮੁਕਾਬਲੇ ਖੇਡੇ ਜਾਣਗੇ ਅਤੇ ਕ੍ਰਿਕਟ ਪ੍ਰੇਮੀਆਂ ਲਈ ਖੁਸ਼ਖ਼ਬਰੀ ਇਹ ਹੈ ਕਿ ਸਟੇਡਿਅਮ ਵਿੱਚ ਮੈਚ ਦੇਖਣ ਲਈ ਕੋਈ ਟਿਕਟ ਨਹੀਂ ਲੱਗੇਗੀ ਯਾਨੀ ਐਂਟਰੀ ਪੂਰੀ ਤਰ੍ਹਾਂ ਮੁਫ਼ਤ ਹੈ।

ਸਟਾਰ ਖਿਡਾਰੀ ਅਤੇ ਉਨ੍ਹਾਂ ਦੀਆਂ ਟੀਮਾਂ

ਲਗਭਗ 450 ਖਿਡਾਰੀਆਂ ਦੀ ਨਿਲਾਮੀ ਰਾਹੀਂ ਤਿਆਰ ਹੋਈਆਂ ਇਨ੍ਹਾਂ ਛੇ ਟੀਮਾਂ ਦੀ ਅਗਵਾਈ ਭਾਰਤੀ ਟੀਮ ਦੇ ਚੋਟੀ ਦੇ ਖਿਡਾਰੀ ਕਰਨਗੇ:

  • ਫਾਜ਼ਿਲਕਾ ਫਾਲਕਨਜ਼: ਸ਼ੁਭਮਨ ਗਿੱਲ
  • ਅੰਮ੍ਰਿਤਸਰ ਸੂਰਮਾਜ਼: ਅਭਿਸ਼ੇਕ ਸ਼ਰਮਾ
  • ਲੁਧਿਆਣਾ ਲਾਇਨਜ਼: ਅਰਸ਼ਦੀਪ ਸਿੰਘ
  • ਜਲੰਧਰ ਵਾਰੀਅਰਜ਼: ਪ੍ਰਭਸਿਮਰਨ ਸਿੰਘ
  • ਮੋਹਾਲੀ ਕਿੰਗਜ਼: ਰਾਮਨਦੀਪ ਸਿੰਘ
  • ਬਠਿੰਡਾ ਰੋਇਲਜ਼: ਗੁਰਨੂਰ ਬਰਾੜ

ਮੈਚਾਂ ਦਾ ਸਮਾਂ ਅਤੇ ਸਥਾਨ

ਸਾਰੇ ਮੁਕਾਬਲੇ ਪੰਜਾਬ ਦੇ ਦੋ ਵਿਸ਼ਵ ਪੱਧਰੀ ਸਟੇਡੀਅਮਾਂ—ਮੋਹਾਲੀ ਦੇ ਆਈ.ਐਸ. ਬਿੰਦਰਾ ਸਟੇਡੀਅਮ ਅਤੇ ਮੁੱਲਾਂਪੁਰ ਦੇ ਮਹਾਰਾਜਾ ਯਾਦਵਿੰਦਰ ਸਿੰਘ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਜਾਣਗੇ। ਰੋਜ਼ਾਨਾ ਦੋ ਮੈਚ ਹੋਣਗੇ, ਜਿਸ ਨਾਲ ਦਰਸ਼ਕਾਂ ਨੂੰ ਦੁਪਹਿਰ ਤੋਂ ਲੈ ਕੇ ਸ਼ਾਮ ਤੱਕ ਟੀ-20 ਦਾ ਭਰਪੂਰ ਮਨੋਰੰਜਨ ਦੇਖਣ ਨੂੰ ਮਿਲੇਗਾ।

ਇਹ ਲੀਗ ਸੂਬੇ ਦੇ ਨੌਜਵਾਨ ਅਤੇ ਉਭਰਦੇ ਕ੍ਰਿਕਟਰਾਂ ਲਈ ਇੱਕ ਵੱਡਾ ਮੰਚ ਸਾਬਤ ਹੋਵੇਗੀ, ਜਿੱਥੇ ਉਨ੍ਹਾਂ ਨੂੰ ਅੰਤਰਰਾਸ਼ਟਰੀ ਪੱਧਰ ਦੇ ਤਜਰਬੇਕਾਰ ਖਿਡਾਰੀਆਂ ਨਾਲ ਸਾਂਝੀ ਡ੍ਰੈੱਸਿੰਗ ਰੂਮ ਸਾਂਝੀ ਕਰਨ ਅਤੇ ਖੇਡਣ ਦਾ ਸੁਨਹਿਰੀ ਮੌਕਾ ਮਿਲੇਗਾ।