ਨੰਗਲ ਝੀਲ ‘ਤੇ ਬਣੇਗਾ ਉੱਤਰੀ ਭਾਰਤ ਦਾ ਪਹਿਲਾ ‘ਗਲਾਸ ਬ੍ਰਿਜ’

ਨੰਗਲ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੰਗਲਵਾਰ ਨੂੰ ਨੰਗਲ ਦੇ ਵਿਕਾਸ ਲਈ ਇੱਕ ਵੱਡਾ ਐਲਾਨ ਕੀਤਾ ਹੈ। ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਨੰਗਲ ਝੀਲ (ਸ਼ਿਵਾਲਿਕ ਪਾਰਕ ਝੀਲ) ‘ਤੇ 10 ਕਰੋੜ ਰੁਪਏ ਦੀ ਲਾਗਤ ਨਾਲ ਉੱਤਰੀ ਭਾਰਤ ਦਾ ਪਹਿਲਾ ਕੱਚ ਦਾ ਪੁਲ (Glass Bridge) ਬਣਾਇਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਇਹ ਪੁਲ ਅਗਲੇ 6 ਮਹੀਨਿਆਂ ਦੇ ਅੰਦਰ ਤਿਆਰ ਹੋ ਜਾਵੇਗਾ

ਮੁੱਖ ਮੰਤਰੀ ਨੇ ਨੰਗਲ ਨੂੰ ਆਧੁਨਿਕ ਬੁਨਿਆਦੀ ਢਾਂਚੇ, ਹੁਨਰ ਵਿਕਾਸ ਅਤੇ ਸੈਰ-ਸਪਾਟਾ ਕੇਂਦਰ ਵਜੋਂ ਵਿਕਸਤ ਕਰਨ ਲਈ ਕੁੱਲ 75 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ।

ਨੰਗਲ ਨੂੰ ਮਿਲੀਆਂ ਮੁੱਖ ਸੌਗਾਤਾਂ:
ਸੈਂਟਰ ਆਫ਼ ਐਕਸੀਲੈਂਸ: ਕਾਰਗਿਲ ਸ਼ਹੀਦ ਕੈਪਟਨ ਅਮੋਲ ਕਾਲੀਆ ਦੇ ਨਾਂ ‘ਤੇ 23 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਹਾਈ-ਟੈਕ ਸੈਂਟਰ ਬਣਾਇਆ ਜਾਵੇਗਾ। ਇੱਥੇ 540 ਵਿਦਿਆਰਥੀਆਂ ਨੂੰ ਰੋਬੋਟਿਕਸ, ਇਲੈਕਟ੍ਰਿਕ ਵਾਹਨ ਟੈਕਨਾਲੋਜੀ, ਸੋਲਰ ਟੈਕਨੀਸ਼ੀਅਨ ਅਤੇ 3ਡੀ ਪ੍ਰਿੰਟਿੰਗ ਵਰਗੇ ਆਧੁਨਿਕ ਕੋਰਸਾਂ ਦੀ ਸਿਖਲਾਈ ਦਿੱਤੀ ਜਾਵੇਗੀ।

  • ਸਿੱਖਿਆ ਵਿੱਚ ਸੁਧਾਰ: ਨੰਗਲ ਦੇ ‘ਸਕੂਲ ਆਫ਼ ਐਮੀਨੈਂਸ’ ਵਿੱਚ 10 ਕਰੋੜ ਦੀ ਲਾਗਤ ਨਾਲ 500 ਸੀਟਾਂ ਵਾਲਾ ਆਡੀਟੋਰੀਅਮ ਅਤੇ 8 ਕਰੋੜ ਦੀ ਲਾਗਤ ਨਾਲ ਚਾਰ ਮੰਜ਼ਿਲਾ ਅਕਾਦਮਿਕ ਬਲਾਕ (12 ਕਲਾਸਰੂਮ ਅਤੇ 4 ਲੈਬਾਂ) ਬਣਾਇਆ ਜਾਵੇਗਾ।
  • ITI ਦਾ ਅਪਗ੍ਰੇਡੇਸ਼ਨ: ਨੰਗਲ ਸਮੇਤ 11 ਸਰਕਾਰੀ ਆਈ.ਟੀ.ਆਈਜ਼ (ITI) ਨੂੰ ਸੈਂਟਰ ਆਫ਼ ਐਕਸੀਲੈਂਸ ਵਜੋਂ ਅਪਗ੍ਰੇਡ ਕੀਤਾ ਗਿਆ ਹੈ।
  • ਸਿਹਤ ਸਹੂਲਤਾਂ: ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਸੂਬੇ ਦੇ 65 ਲੱਖ ਪਰਿਵਾਰਾਂ ਨੂੰ ਹੈਲਥ ਕਾਰਡ ਜਾਰੀ ਕੀਤੇ ਜਾ ਰਹੇ ਹਨ।

ਸਿਆਸੀ ਵਿਰੋਧੀਆਂ ‘ਤੇ ਤਿੱਖੇ ਹਮਲੇ
ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਇੱਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਸੀਐਮ ਮਾਨ ਨੇ ਅਕਾਲੀ ਦਲ ‘ਤੇ ਜੰਮ ਕੇ ਨਿਸ਼ਾਨੇ ਸਾਧੇ। ਉਨ੍ਹਾਂ ਦੋਸ਼ ਲਾਇਆ ਕਿ ਅਕਾਲੀਆਂ ਨੇ ਆਪਣੇ ਰਾਜ ਦੌਰਾਨ ਨਸ਼ਿਆਂ ਦੇ ਕਾਰੋਬਾਰ ਨੂੰ ਸਰਪ੍ਰਸਤੀ ਦਿੱਤੀ, ਜਿਸ ਕਾਰਨ ਪੰਜਾਬ ਦੀਆਂ ਪੀੜ੍ਹੀਆਂ ਬਰਬਾਦ ਹੋਈਆਂ।

ਮੁੱਖ ਮੰਤਰੀ ਨੇ ਸੁਖਬੀਰ ਸਿੰਘ ਬਾਦਲ ‘ਤੇ ਤੰਜ ਕੱਸਦਿਆਂ ਕਿਹਾ ਕਿ ਉਹ ਮੌਕਾਪ੍ਰਸਤ ਨੇਤਾ ਹਨ ਜੋ ਆਪਣੇ ਨਿੱਜੀ ਹਿੱਤਾਂ ਲਈ ਰੰਗ ਬਦਲਦੇ ਹਨ। ਉਨ੍ਹਾਂ ਬੇਅਦਬੀ ਕਾਂਡ ਦਾ ਜ਼ਿਕਰ ਕਰਦਿਆਂ ਸਵਾਲ ਚੁੱਕਿਆ ਕਿ ਜੇਕਰ ਬਾਦਲ ਵਿਕਾਸ ਦੇ ਦਾਅਵੇ ਕਰਦੇ ਹਨ, ਤਾਂ ਉਹ ਕੋਟਕਪੂਰਾ ਅਤੇ ਬਹਿਬਲ ਕਲਾਂ ਵਰਗੀਆਂ ਘਟਨਾਵਾਂ ‘ਤੇ ਚੁੱਪ ਕਿਉਂ ਹਨ?

ਰੁਜ਼ਗਾਰ ਦਾ ਵਾਅਦਾ
CM ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਹੁਣ ਤੱਕ ਪੰਜਾਬ ਦੇ ਨੌਜਵਾਨਾਂ ਨੂੰ 65,000 ਤੋਂ ਵੱਧ ਸਰਕਾਰੀ ਨੌਕਰੀਆਂ ਦੇ ਚੁੱਕੀ ਹੈ ਅਤੇ ਸੂਬੇ ਨੂੰ ‘ਰੰਗਲਾ ਪੰਜਾਬ’ ਬਣਾਉਣ ਦਾ ਸਫ਼ਰ ਲਗਾਤਾਰ ਜਾਰੀ ਹੈ