ਨਿਊਜਰਸੀ ਦੇ ਈਸਟ ਰਦਰਫੋਰਡ ਸਥਿਤ ਮੈਟਲਾਈਫ ਸਟੇਡੀਅਮ ‘ਚ ਖੇਡੇ ਗਏ ਫੀਫਾ ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ ਵਿੱਚ ਸਪੇਨ ਨੇ ਅਰਜਨਟੀਨਾ ਨੂੰ 1-0 ਨਾਲ ਹਰਾ ਕੇ ਖ਼ਿਤਾਬ ਆਪਣੇ ਨਾਂ ਕੀਤਾ। ਇਹ ਮੁਕਾਬਲਾ ਬੇਹੱਦ ਰੋਮਾਂਚਕ ਰਿਹਾ।
ਮੈਚ ਦੇ ਸ਼ੁਰੂ ਤੋਂ ਹੀ ਸਪੇਨ ਨੇ ਗੇਂਦ ‘ਤੇ ਜ਼ਿਆਦਾ ਕਬਜ਼ਾ ਰੱਖਿਆ ਅਤੇ ਅਰਜਨਟੀਨਾ ਦੇ ਡਿਫੈਂਸ ‘ਤੇ ਲਗਾਤਾਰ ਦਬਾਅ ਬਣਾਇਆ। ਪਹਿਲੇ ਹਾਫ ਵਿੱਚ ਸਪੇਨ ਨੇ ਅਰਜਨਟੀਨਾ ਨਾਲੋਂ ਲਗਭਗ 150 ਵੱਧ ਪਾਸ ਕੀਤੇ। ਲਾਮਿਨ ਯਮਾਲ, ਮਿਕੇਲ ਓਯਾਰਜ਼ਾਬਲ ਅਤੇ ਮਾਰਕ ਕੁਕੁਰੇਲਾ ਨੂੰ ਗੋਲ ਕਰਨ ਦੇ ਵਧੀਆ ਮੌਕੇ ਮਿਲੇ, ਪਰ ਅਰਜਨਟੀਨਾ ਦੇ ਗੋਲਕੀਪਰ ਐਮੀਲਿਆਨੋ ਮਾਰਟੀਨੇਜ਼ ਨੇ ਸ਼ਾਨਦਾਰ ਬਚਾਅ ਕਰਦੇ ਹੋਏ ਸਪੇਨ ਦੀਆਂ ਸਾਰੀਆਂ ਕੋਸ਼ਿਸ਼ਾਂ ਨਾਕਾਮ ਕਰ ਦਿੱਤੀਆਂ।
ਪਹਿਲੇ ਅੱਧ ਵਿੱਚ ਅਰਜਨਟੀਨਾ ਦਾ ਅਟੈਕ ਫਿੱਕਾ ਰਿਹਾ ਅਤੇ ਟੀਮ ਇੱਕ ਵੀ ਸ਼ਾਟ ਨਿਸ਼ਾਨੇ ‘ਤੇ ਨਹੀਂ ਲਗਾ ਸਕੀ। ਲਿਓਨਲ ਮੈਸੀ ਨੂੰ ਵੀ ਗੇਂਦ ਛੂਹਣ ਦੇ ਬਹੁਤ ਘੱਟ ਮੌਕੇ ਮਿਲੇ। 5ਵੇਂ ਮਿੰਟ ਵਿੱਚ ਮੈਸੀ ਕੋਲ ਗੋਲ ਕਰਨ ਦਾ ਇੱਕ ਮੌਕਾ ਬਣਿਆ ਸੀ, ਪਰ ਸਪੇਨ ਦੇ ਗੋਲਕੀਪਰ ਉਨਾਈ ਸਿਮੋਨ ਨੇ ਖ਼ਤਰਾ ਟਾਲ ਦਿੱਤਾ। ਇਸ ਦੌਰਾਨ ਅਰਜਨਟੀਨਾ ਦੇ ਡਿਫੈਂਡਰ ਲਿਸਾਂਦਰੋ ਮਾਰਟੀਨੇਜ਼ ਦੇ ਸੱਟ ਲੱਗਣ ਕਾਰਨ ਉਨ੍ਹਾਂ ਦੀ ਥਾਂ 38 ਸਾਲਾ ਨਿਕੋਲਸ ਓਟਾਮੈਂਡੀ ਨੂੰ ਮੈਦਾਨ ‘ਚ ਉਤਾਰਨਾ ਪਿਆ।
ਦੂਜੇ ਅੱਧ ਵਿੱਚ ਵੀ ਸਪੇਨ ਨੇ ਹਮਲਾਵਰ ਖੇਡ ਜਾਰੀ ਰੱਖੀ। ਯਮਾਲ, ਨੀਕੋ ਵਿਲੀਅਮਜ਼ ਅਤੇ ਫੇਰਾਨ ਟੋਰੇਸ ਨੇ ਕਈ ਕੋਸ਼ਿਸ਼ਾਂ ਕੀਤੀਆਂ, ਪਰ ਮਾਰਟੀਨੇਜ਼ ਇੱਕ ਵਾਰ ਫਿਰ ਅਰਜਨਟੀਨਾ ਲਈ ਢਾਲ ਬਣ ਕੇ ਖੜ੍ਹੇ ਰਹੇ। ਮੈਚ ਦੇ ਆਖ਼ਰੀ ਪਲਾਂ ‘ਚ ਵਿਲੀਅਮਜ਼ ਦੇ ਇੱਕ ਹੈੱਡਰ ਨੂੰ ਅਰਜਨਟੀਨਾ ਦੇ ਡਿਫੈਂਡਰ ਨੇ ਗੋਲ ਲਾਈਨ ਤੋਂ ਕਲੀਅਰ ਕਰਕੇ ਗੋਲ ਹੋਣ ਤੋਂ ਬਚਾਇਆ। ਆਖ਼ਰੀ ਮਿੰਟਾਂ ਵਿੱਚ ਮੈਚ ਵਿੱਚ ਤਣਾਅ ਵਧ ਗਿਆ ਅਤੇ ਅਰਜਨਟੀਨਾ ਦੇ ਮਿਡਫੀਲਡਰ ਐਨਜ਼ੋ ਫਰਨਾਂਡੇਜ਼ ਨੂੰ ਦੂਜਾ ਯੈਲੋ ਕਾਰਡ (ਰੈੱਡ ਕਾਰਡ) ਮਿਲਣ ਕਾਰਨ ਮੈਦਾਨ ਤੋਂ ਬਾਹਰ ਜਾਣਾ ਪਿਆ, ਜਿਸ ਨਾਲ ਅਰਜਨਟੀਨਾ ਦੀ ਟੀਮ 10 ਖਿਡਾਰੀਆਂ ਨਾਲ ਖੇਡਣ ਲਈ ਮਜ਼ਬੂਰ ਹੋ ਗਈ।
ਨਿਰਧਾਰਤ 90 ਮਿੰਟਾਂ ਤੱਕ ਦੋਵੇਂ ਟੀਮਾਂ 0-0 ‘ਤੇ ਬਰਾਬਰ ਰਹੀਆਂ। ਇਸ ਤੋਂ ਬਾਅਦ ਮੈਚ ਐਕਸਟ੍ਰਾ ਟਾਈਮ (ਵਾਧੂ ਸਮੇਂ) ਵਿੱਚ ਪਹੁੰਚ ਗਿਆ, ਜਿੱਥੇ 106ਵੇਂ ਮਿੰਟ ਵਿੱਚ ਫੇਰਾਨ ਟੋਰੇਸ ਨੇ ਸ਼ਾਨਦਾਰ ਗੋਲ ਕਰਕੇ ਸਪੇਨ ਨੂੰ 1-0 ਦੀ ਬੜ੍ਹਤ ਦਿਵਾਈ ਅਤੇ ਟੀਮ ਨੂੰ ਵਿਸ਼ਵ ਚੈਂਪੀਅਨ ਬਣਾ ਦਿੱਤਾ।